Date: 12-03-2025
Event Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਲੋਂ ਨਸ਼ਿਆਂ ਸਬੰਧੀ ਜਾਗਰੁਕਤਾ ਅਤੇ ਚੇਤਨਾ ਮੁਹਿੰਮ
ਤਹਿਤ ਜਲੰਧਰ ਜ਼ਿਲ੍ਹੇ ਦੇ ਦੋ ਪਿੰਡਾਂ ਮਾਣਕੋ ਅਤੇ ਡਰੋਲੀ ਕਲਾਂ ਦਾ ਦੌਰਾ ਕੀਤਾ ਗਿਆ। ਜੋ ਕਿ ਸਤਿਕਾਰਯੋਗ
ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ
ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ
ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਈਸ-
ਚਾਂਸਲਰ ਦੀ ਯੋਗ ਅਗਵਾਈ ਵਿਚ ਸਫ਼ਲਤਾਪੂਰਵਕ ਸੰਪੂਰਣ ਹੋਈ ਹੈ।
ਇਸ ਮੌਕੇ ਨਸ਼ੇ ਦੀ ਵਰਤੋਂ ਅਤੇ ਰੋਕਥਾਮ ਪ੍ਰਤੀ ਡਾ. ਹਰਪ੍ਰੀਤ ਸਿੰਘ ਅਤੇ ਡਾ. ਮਨਦੀਪ ਸਿੰਘ ਨੇ
ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਇੱਕ ਅਜਿਹਾ ਭਿਅੰਕਰ ਕੋਹੜ ਹੈ ਜੋ ਸਾਡੀ
ਨੌਜਵਾਨ ਪੀੜੀ ਨੂੰ ਨਿਗ਼ਲ ਰਿਹਾ ਹੈ ਅਤੇ ਸਾਡੇ ਸਮਾਜ ਨੂੰ ਸਰੀਰਿਕ, ਮਾਨਸਿਕ, ਸਭਿਆਚਾਰਕ ਅਤੇ
ਆਰਥਿਕ ਪੱਖੋਂ ਬਹੁਤ ਕਮਜ਼ੋਰ ਬਣਾ ਰਿਹਾ ਹੈ। ਡਾ. ਹਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ
ਕਿ ਪੰਜਾਬ ਵਿੱਚ ਵਹਿ ਰਹੇ ਇਸ ਛੇਵੇਂ ਦਰਿਆ ਨੂੰ ਰੋਕਣਾ ਸਾਡਾ ਅਤੇ ਸਾਡੇ ਸਮਾਜ ਦਾ ਪਹਿਲਾ ਫ਼ਰਜ਼
ਬਣਦਾ ਹੈ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਨਸ਼ੇ ਦੀ ਵੱਧ ਰਹੀ ਵਰਤੋਂ ਅਤੇ ਇਸਦੇ ਰੋਕਥਾਮ ਪ੍ਰਤੀ ਜਾਗਰੁਕ
ਕੀਤਾ। ਉਹਨਾਂ ਦੱਸਿਆ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਲੋਂ ਸਮੇਂ-ਸਮੇਂ ‘ਤੇ ਨਸ਼ਿਆਂ
ਸਬੰਧੀ ਜਾਗਰੁਕਤਾ ਅਤੇ ਚੇਤਨਾ ਸਬੰਧੀ ਉਪਰਾਲੇ ਕੀਤੇ ਜਾਂਦੇ ਰਹੇ ਹਨ।
ਇਸ ਦੌਰਾਨ ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਨਿਰੰਤਰ ਸਮਾਜਿਕ-ਸਭਿਆਚਾਰਕ-ਵਿਦਿਅਕ ਮੁਹਿੰਮਾਂ
ਰਾਹੀਂ ਬੱਚਿਆਂ, ਨੌਜਵਾਨਾਂ, ਮਾਪਿਆਂ ਅਤੇ ਅਧਿਆਪਕਾਂ ਨੂੰ ਨਸ਼ਿਆਂ ਦੇ ਬੁਰੇ-ਪ੍ਰਭਾਵਾਂ ਬਾਰੇ ਜਾਗਰੁਕ
ਕਰਵਾਉਣਾ ਹੋਵੇਗਾ।ਇਸ ਵਿੱਚ ਅਧਿਆਪਕਾਂ, ਵਿਦਿਆਰਥੀਆਂ ਅਤੇ ਜ਼ਿੰਮੇਵਾਰ ਨਾਗਰਿਕਾਂ ਦੀ ਬਹੁਤ ਵੱਡੀ
ਜ਼ਿੰਮੇਵਾਰੀ ਬਣਦੀ ਹੈ। ਨਸ਼ਿਆਂ ਦੀ ਮੰਗ ਰੋਕਣ ਲਈ ਇਸ ਪਿੱਛੇ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ
ਰਾਜਨੀਤਕ ਕਾਰਨਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਨੀਤੀਆਂ ਬਣਾਉਣ ਦੀ
ਲੋੜ ਹੈ। ਨਸ਼ੇ ਦੀ ਦਲਦਲ ਵਿਚ ਫ਼ਸ ਚੁੱਕੇ ਨੌਜਵਾਨਾਂ ਨੂੰ ਅਪਰਾਧੀ ਸਮਝਣ ਦੀ ਥਾਂ ਮਰੀਜ਼ ਸਮਝ ਕੇ
ਡਾਕਟਰੀ ਅਤੇ ਮਨੋਵਿਗਿਆਨਕ ਇਲਾਜ ਰਾਹੀਂ ਚੰਗੇਰੇ ਸਮਾਜਿਕ ਪ੍ਰਾਣੀ ਬਣਾਉਣ ਦੀ ਕੋਸ਼ਿਸ਼ ਕਰਨੀ
ਚਾਹੀਦੀ ਹੈ। ਨਵੀਂ ਪਨੀਰੀ ਅਤੇ ਅਗਲੀ ਪੀੜ੍ਹੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਕਮਰ ਕੱਸਣੀ
ਪਵੇਗੀ। ਇਸ ਮੁਹਿੰਮ ਵਿੱਚ ਸੂਬੇ ਦੀ ਸਾਰੀ ਅਵਾਮ ਨੂੰ ਕਿਰਿਆਸ਼ੀਲ ਬਣਾਉਣਾ ਪਵੇਗਾ।ਇਸ ਲਈ ਜ਼ਰੂਰੀ ਹੈ
ਕਿ ਸਰਕਾਰ, ਨੌਜਵਾਨ, ਸਿਵਲ ਸੁਸਾਇਟੀ ਅਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਪੰਜਾਬ ਵਿੱਚ ਨਸ਼ਿਆਂ
ਜਿਹੀ ਮਹਾਮਾਰੀ ਰੋਕਣ ਲਈ ਸਾਂਝੇ ਤੌਰ ’ਤੇ ਸੰਜੀਦਾ ਅਤੇ ਲਗਾਤਾਰ ਯਤਨ ਕਰਨ। ਇਸ ਤੋਂ ਇਲਾਵਾ
ਸਰਕਾਰ ਨੂੰ ਸੰਜੀਦਗੀ ਨਾਲ ਯਤਨ ਕਰਨੇ ਪੈਣਗੇ ਤਾਂ ਕਿ ਨਸ਼ਿਆਂ ਪਿੱਛੇ ਸਮਾਜਿਕ, ਸਭਿਆਚਾਰਕ,
ਆਰਥਿਕ ਅਤੇ ਰਾਜਨੀਤਕ ਹਾਲਾਤ ਪੈਦਾ ਨਾ ਹੋਣ।