Date: 16-01-2022
ਸਰਬ ਭਾਰਤੀ ਅੰਤਰ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਵਿਚੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੀ ਫੁੱਟਬਾਲ ਟੀਮ ਨੇ ਹਾਸਲ ਕੀਤਾ ਦੂਜਾ ਸਥਾਨ ਅਤਿ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ (ਦੂਜੇ ਚਾਂਸਲਰ) ਦੇ ਆਸ਼ੀਰਵਾਦ, ਸੰਤ ਬਾਬਾ ਸਰਵਣ ਸਿੰਘ ਜੀ (ਚਾਂਸਲਰ) ਦੀ ਪ੍ਰੇਰਣਾ ਅਤੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਜੀ ਦੀ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੀ ਫੁੱਟਬਾਲ ਟੀਮ ਨੇ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ।ਇਹ ਚੈਂਪੀਅਨਸ਼ਿਪ ਮਹਾਤਮਾ ਗਾਂਧੀ ਯੂਨੀਵਰਸਿਟੀ, ਕੋਟਾਯਮ, ਕੇਰਲਾ ਵਿਖੇ ਆਯੋਜਿਤ ਕੀਤੀ ਗਈ ਸੀ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਪੱਧਰ ‘ਤੇ ਇਹ ਗੌਰਵਮਈ ਜਿੱਤ ਹਾਸਿਲ ਕੀਤੀ ਗਈ ਹੈ।ਯੂਨੀਵਰਸਿਟੀ ਦੀ ਫੁੱਟਬਾਲ ਟੀਮ ਪਿੱਛਲੇ ਸਮੇਂ ਤੋਂ ਲਗਾਤਾਰ ਨਵੇਂ ਮੁਕਾਮ ਹਾਸਲ ਕਰਦੀ ਆ ਰਹੀ ਹੈ। ਜਿਸ ਸਦਕਾ ਯੂਨੀਵਰਸਿਟੀ ਨੇ ਰਾਜ ਅਤੇ ਰਾਸ਼ਟਰੀ ਪੱਧਰ ਉੱਪਰ ਆਪਣੀ ਪਛਾਣ ਸਥਾਪਿਤ ਕੀਤੀ ਹੈ।
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਨੇ ਉੱਤਰੀ ਜ਼ੋਨ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਇਸ ਚੈਂਪੀਅਨਸ਼ਿਪ ਲਈ ਆਪਣੀ ਦਾਅਵੇਦਾਰੀ ਰੱਖੀ ਸੀ। ਉੱਤਰੀ ਜ਼ੋਨ ਵਿਚ ਚਾਰ ਟੀਮਾਂ ਨੇ ਸ਼ਿਰਕਤ ਕੀਤੀ ਜਿਸ ਵਿਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੀ ਟੀਮ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਦਿਖਾਇਆ। ਇਸ ਟੂਰਨਾਮੈਂਟ ਲਈ ਭਾਰਤ ਦੇ ਚਾਰ ਜ਼ੋਨਾਂ ਵਿਚੋਂ 16 ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ।ਇਹ ਇਕ ਸਖ਼ਤ ਮੁਕਾਬਲੇ ਵਾਲਾ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਟੂਰਨਾਮੈਂਟ ਹੁੰਦਾ ਹੈ। ਜਿਸ ਵਿਚ ਲਗਾਤਾਰ ਬਣੇ ਰਹਿਣ ਅਤੇ ਆਪਣਾ ਸਥਾਨ ਬਰਕਰਾਰ ਰੱਖਣ ਲਈ ਪ੍ਰਤੀਬੱਧਤਾ ਅਤੇ ਪੇਸ਼ੇਵਰਾਨਾ ਪਹੁੰਚ ਦੀ ਸਖ਼ਤ ਲੋੜ ਹੁੰਦੀ ਹੈ।ਯੂਨੀਵਰਸਿਟੀ ਦੀ ਟੀਮ ਨੇ ਇਸੇ ਪ੍ਰਤੀਬੱਧਤਾ ਅਤੇ ਪੇਸ਼ੇਵਰਾਨਾ ਪਹੁੰਚ ਸਦਕਾ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਇਸ ਟੀਮ ਨੇ ਕੁਆਟਰ ਫਾਈਨਲ ਵਿਚ ਕੇਰਲਾ ਦੀ ਯੂਨੀਵਰਸਿਟੀ ਨੂੰ 2-1 ਦੇ ਮੁਕਾਬਲੇ ਨਾਲ ਮਾਤ ਦਿੱਤੀ। ਇਸ ਤੋਂ ਬਾਅਦ ਸੈਮੀਫਾਈਨਲ ਦੇ ਸਖ਼ਤ ਮੁਕਾਬਲੇ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 1-0 ਨਾਲ ਹਰਾ ਕੇ ਫਾਈਨਲ ਮੁਕਾਬਲੇ ਵਿਚ ਆਪਣੀ ਥਾਂ ਸੁਰਖਿਅਤ ਕੀਤੀ।
ਟੂਰਨਾਮੈਂਟ ਦਾ ਫਾਈਨਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਟੀਮ ਅਤੇ ਯੂਨੀਵਰਸਿਟੀ ਆਫ ਕਾਲੀਕਟ, ਕੇਰਲਾ ਵਿਚਕਾਰ ਹੋਇਆ। ਇਸ ਮੁਕਾਬਲੇ ਵਿਚ ਯੂਨੀਵਰਸਿਟੀ ਆਫ ਕਾਲੀਕਟ, ਕੇਰਲਾ ਜੇਤੂ ਰਹੀ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਇਸ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ। ਦੂਜੇ ਸਥਾਨ ਦੀ ਪ੍ਰਾਪਤੀ ਨਾਲ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਮੁਕਾਬਲੇ ਵਿਚ ਆਪਣੀ ਬੇਮਿਸਾਲ ਹਾਜ਼ਰੀ ਲਗਵਾਈ ਹੈ।
ਇਸ ਮੌਕੇ ‘ਤੇ ਮਾਨਯੋਗ ਸੰਤ ਬਾਬਾ ਸਰਵਣ ਸਿੰਘ ਜੀ, ਚਾਂਸਲਰ ਅਤੇ ਮਾਨਯੋਗ ਸੰਤ ਮਨਮੋਹਨ ਸਿੰਘ ਜੀ, ਵਾਈਸ ਚੇਅਰਮੈਨ ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ ਨੇ ਟੀਮ ਦੇ ਖਿਡਾਰੀਆਂ ਅਤੇ ਕੋਚ ਨੂੰ ਆਪਣੇ ਵਲੋਂ ਅਤੇ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਦੇ ਉਜਵੱਲ ਭਵਿੱਖ ਲਈ ਅਰਦਾਸ ਵੀ ਕੀਤੀ। ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਸਾਰੇ ਜੇਤੂ ਖਿਡਾਰੀਆਂ, ਟੀਮ ਸਟਾਫ, ਇੰਚਾਰਜ ਡਾ. ਪਰਮਪ੍ਰੀਤ ਨੂੰ ਮੁਬਾਰਕਬਾਦ ਦਿੰਦਿਆਂ ਇਸ ਜਿੱਤ ਨੂੰ ਇਤਿਹਾਸਕ ਦੱਸਿਆ ਅਤੇ ਸਮੁੱਚੀ ਟੀਮ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਸ. ਹਰਦਮਨ ਸਿੰਘ, ਸਕੱਤਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਅਤੇ ਸ. ਪ੍ਰਿਤਪਾਲ ਸਿੰਘ ਨੇ ਵੀ ਟੀਮ ਨ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਸ਼ੁੱਭ-ਕਾਮਨਾਵਾਂ ਵੀ ਦਿੱਤੀਆਂ।
ਡਾ. ਪਰਮਪ੍ਰੀਤ ਨੇ ਇਸ ਪ੍ਰਾਪਤੀ ਉਪਰ ਖੁਸ਼ੀ ਜਾਹਿਰ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਆਪਣੀ ਪ੍ਰਤੀਵੱਧਤਾ ਦਰਸਾਈ।