Date: 06-11-2024
Event Report
ਮਿਤੀ 6 ਨਵੰਬਰ 2024 ਦਿਨ ਬੁੱਧਵਾਰ ਨੂੰ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ‘ਪੰਜਾਬੀ ਗ਼ਜ਼ਲ: ਸਥਿਤੀ ਅਤੇ ਸਰੋਕਾਰ’ਵਿਸ਼ੇ ਉੱਪਰ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਜੋ ਕਿ ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਇਸ-ਚਾਂਸਲਰ ਦੀ ਯੋਗ ਅਗਵਾਈ ਵਿਚ ਸਫ਼ਲਤਾਪੂਰਵਕ ਸੰਪੂਰਣ ਹੋਇਆ।
ਇਸ ਸੈਮੀਨਾਰ ਦੇ ਵਿਸ਼ੇ ਬਾਰੇ ਦੱਸਦਿਆਂ ਡਾ.ਹਰਪ੍ਰੀਤ ਸਿੰਘ (ਪੰਜਾਬੀ ਵਿਭਾਗ) ਨੇ ਪੰਜਾਬੀ ਗ਼ਜ਼ਲ ਦੇ ਵਿਚਾਰ ਧਾਰਾਈ ਪਹਿਲੂਆਂ ਦੇ ਸਮਾਜਕ-ਸਾਹਿਤਕ ਮਹੱਤਵ ਨੂੰ ਸਥਾਪਤ ਕੀਤਾ। ਉਹਨਾਂ ਸੈਮੀਨਾਰ ਦੇ ਅਕਾਦਮਿਕ ਮਹੱਤਵ ਬਾਰੇ ਗੱਲ ਕੀਤੀ।ਸੈਮੀਨਾਰ ਦਾ ਆਰੰਭ ਸ਼ਮ੍ਹਾ ਰੌਸ਼ਨ ਦੀ ਰਸਮ ਨਾਲ ਕੀਤਾ ਗਿਆ।ਉਦਘਾਟਨੀ ਭਾਸ਼ਨ ਵਿਚ ਡਾ. ਅਨੀਤ ਕੁਮਾਰ, ਰਜਿਸਟਰਾਰ ਨੇ ਸੰਬੋਧਨ ਹੁੰਦਿਆਂ ਆਏ ਹੋਏ ਸਾਰੇ ਮਹਿਮਾਨ ਸਾਹਿਬਾਨਾਂ ਦਾ ਸਵਾਗਤ ਕੀਤਾ।ਉਹਨਾਂ ਕਿਹਾ ਕਿ ਪੰਜਾਬੀ ਵਿਭਾਗ ਵਲੋਂ ਉਲੀਕੇ ਇਸ ਸੈਮੀਨਾਰ ਨੇ ਵਿਦਿਆਰਥੀਆਂ ਅੰਦਰ ਨਵਾਂ ਉਤਸ਼ਾਹ ਪੈਦਾ ਕੀਤਾ ਹੈ।ਉਹਨਾਂ ਕਿਹਾ ਕਿ ਵਿਦਿਆਰਥੀਆਂ ਲਈ ਸਾਹਿਤ ਨੂੰ ਸਿੱਖਣ, ਸਮਝਣ ਅਤੇ ਅਨੁਸਰਣ ਕਰਨ ਦੀਆਂ ਨਵੀਂਆਂ ਵਿਧੀਆਂ ਅਤੇ ਜੁਗਤਾਂ ਨੂੰ ਅਪਣਾ ਉਣਾ ਸਮੇਂ ਦੀ ਲੋੜ ਹੈ।ਉਹਨਾਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਦਾ ਅਤੇ ਮਹਿਮਾਨ ਸਾਹਿਬਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਸੈਮੀਨਾਰ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ.ਸੁਰਜੀਤ ਜੱਜ ਦੁਆਰਾ ਕੀਤੀ ਗਈ।ਸੈਮੀਨਾਰ ਦੀ ਰੂਪ-ਰੇਖਾ ਬਾਬਤ ਡਾ.ਸਰਬਜੀਤ ਸਿੰਘ (ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਸਾਬਕਾ ਚੇਅਰ ਪਰਸਨ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨੇ ਤਫ਼ਸੀਲ ਵਿਚ ਜਾਣਕਾਰੀ ਦਿੰਦਿਆਂ ਪੰਜਾਬੀ ਗ਼ਜ਼ਲ ਦੇ ਇਤਿਹਾਸ ਅਤੇ ਵਰਤਮਾਨ ਬਾਰੇ ਗੱਲ ਕੀਤੀ।ਉਹਨਾਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਨਿਰੰਤਰ ਸਿਰਜੇ ਜਾ ਰਹੇ ਸੰਵਾਦ ਬਾਰੇ ਵੀ ਗੱਲ ਕੀਤੀ।ਸੈਮੀਨਾਰ ਦੀ ਲੋੜ ਅਤੇ ਮਹੱਤਵ ਬਾਰੇ ਬਹੁਤ ਸੂਖ਼ਮ ਗੱਲਾਂ ਕੀਤੀਆਂ।ਮੁੱਖ ਸੁਰ ਭਾਸ਼ਨ ਡਾ. ਜਗਵਿੰਦਰ ਜੋਧਾ (ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਵਲੋਂ ਦਿੱਤਾ ਗਿਆ।ਉਹਨਾਂ ਸੈਮੀਨਾਰ ਦੇ ਥੀਮ ਦੇ ਸੰਦਰਭ ਵਿਚ ਪੰਜਾਬੀ ਗ਼ਜ਼ਲ ਦੀ ਇਤਿਹਾਸਕਾਰੀ ਦੇ ਬਹੁ-ਆਯਾਮੀ ਬਿੰਦੂਆਂ ਨੂੰ ਪ੍ਰਗਟ ਕੀਤਾ।ਅਰਬੀ, ਫ਼ਾਰਸੀ, ਉਰਦੂ ਅਤੇ ਪੰਜਾਬੀ ਗ਼ਜ਼ਲ ਦੇ ਇਤਿਹਾਸ ਬਾਰੇ ਚਿੰਤਨਸ਼ੀਲ ਸੰਵਾਦ ਉਸਾਰਿਆ।ਇਸ ਸੈਮੀਨਾਰ ਵਿਚ ਪਹਿਲੇ ਸੈਸ਼ਨ ਦੌਰਾਨ ਦੋ ਪਰਚੇ ਪੜ੍ਹੇ ਗਏ।ਪਹਿਲਾ ਪਰਚਾ ਡਾ. ਸ਼ਮਸ਼ੇਰ ਮੋਹੀ ਨੇ ‘ਸਮਕਾਲੀ ਪੰਜਾਬੀ ਗ਼ਜ਼ਲ: ਕਾਵਿ ਸ਼ਾਸਤਰੀ ਵਿਵੇਕ’ਵਿਸ਼ੇ ‘ਤੇ ਪੜ੍ਹਿਆ।ਦੂਜਾ ਪਰਚਾ ‘ਪੰਜਾਬੀ ਨਾਰੀ ਗ਼ਜ਼ਲ: ਸਥਿਤੀ ਅਤੇ ਸਰੋਕਾਰ ਵਿਸ਼ੇ ‘ਤੇ ਡਾ. ਸੰਦੀਪ ਸਿੰਘ ਦੁਆਰਾ ਪੜ੍ਹਿਆ ਗਿਆ।ਪ੍ਰਧਾਨਗੀ ਭਾਸ਼ਨ ਵਿਚ ਪ੍ਰੋ.ਸੁਰਜੀਤ ਜੱਜ ਨੇ ਪੜ੍ਹੇ ਗਏ ਪਰਚਿਆਂ ‘ਤੇ ਸਾਰਥਕ ਟਿੱਪਣੀ ਕਰਦਿਆਂ ਪੰਜਾਬੀ ਗ਼ਜ਼ਲ ਦੀ ਪ੍ਰਤੀਰੋਧੀ ਚੇਤਨਾ ਬਾਰੇ ਗੰਭੀਰ ਗੱਲ ਕੀਤੀ।ਇਸ ਸੈਸ਼ਨ ਵਿਚ ਸਮਕਾਲੀ ਪੰਜਾਬੀ ਗ਼ਜ਼ਲ ਦੇ ਕਾਵਿ-ਸ਼ਾਸਤਰ ਅਤੇ ਸੁਹਜ-ਸ਼ਾਸਤਰ ਬਾਰੇ ਭਰਪੂਰ ਸੰਵਾਦ ਸਿਰਜਿਆ ਗਿਆ।ਇਸ ਮੌਕੇ ਮੰਚ ਵਲੋਂ ਅਜੇ ਤਨਵੀਰ ਦੀ ਪਲੇਠੀ ਗ਼ਜ਼ਲ-ਪੁਸਤਕ ‘ਫ਼ਤਵਿਆਂ ਦੇ ਦੌਰ ਵਿਚ’ਨੂੰ ਰਿਲੀਜ਼ ਕੀਤਾ ਗਿਆ।ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਹਰਪ੍ਰੀਤ ਸਿੰਘ ਨੇ ਬਾਖ਼ੂਬੀ ਕੀਤਾ।ਸੈਮੀਨਾਰ ਦੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ.ਜਸਵਿੰਦਰ ਸੈਣੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਕੀਤੀ। ਇਸ ਸੈਸ਼ਨ ਦੇ ਮੁੱਖ ਮਹਿਮਾਨ ਸੰਧੂ ਵਰਿਆਣਵੀ ਸਨ।ਇਸ ਸੈਸ਼ਨ ਵਿਚ ਦੋ ਪਰਚੇ ਪੜ੍ਹੇ ਗਏ। ਪਹਿਲਾ ਪਰਚਾ ਡਾ.ਇਕਬਾਲ ਸਿੰਘ ਸੋਮੀਆ ਦੁਆਰਾ ‘ਪਰਵਾਸੀ ਪੰਜਾਬੀ ਗ਼ਜ਼ਲ: ਜਗਤ ਤੇ ਜੁਗਤ’ਪੜ੍ਹਿਆ। ਦੂਜਾ ਪਰਚਾ ਡਾ. ਦੀਪਕ ਧਲੇਵਾਂ ਨੇ ‘ਸਮਕਾਲੀ ਪੰਜਾਬੀ ਗ਼ਜ਼ਲ ਦੀ ਕਾਵਿ ਭਾਸ਼ਾ’ਵਿਸ਼ੇ ‘ਤੇ ਪੜ੍ਹਿਆ ਗਿਆ। ਮੁੱਖ ਮਹਿਮਾਨ ਸੰਧੂ ਵਰਿਆਣ ਵੀ ਨੇ ਸਮਕਾਲੀ ਪੰਜਾਬੀ ਗ਼ਜ਼ਲ ਦੀ ਮਾਨਵਵਾਦੀ ਅਤੇ ਰਾਜਸੀ ਪਹੁੰਚ ਬਾਰੇ ਅਹਿਮ ਨੁਕਤੇ ਵਿਚਾਰੇ। ਇਸ ਸੈਸ਼ਨ ਦਾ ਪ੍ਰਧਾਨਗੀ ਭਾਸ਼ਨ ਡਾ. ਜਸਵਿੰਦਰ ਸੈਣੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਦਿੱਤਾ। ਉਹਨਾਂ ਨੇ ਪੜ੍ਹੇ ਗਏ ਪਰਚਿਆਂ ਦੀ ਸਮੀਖਿਆ ਕਰਦਿਆਂ ਪੰਜਾਬੀ ਗ਼ਜ਼ਲ ਦੇ ਇਤਿਹਾਸ ਅਤੇ ਸਮਕਾਲ ਦੀ ਯਾਤਰਾ ਦੇ ਅਹਿਮ ਪੜਾਵਾਂ ਬਾਰੇ ਸੰਵਾਦ ਉਸਾਰਿਆ।
ਅੰਤ ਵਿਚ ਧੰਨਵਾਦੀ ਸ਼ਬਦ ਆਖਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਰਨਲ ਸਕੱਤਰ ਗੁਲਜ਼ਾਰ ਸਿੰਘ ਪੰਧੇਰ ਨੇ ਆਏ ਹੋਏ ਮਹਿਮਾਨ ਸਾਹਿਬਾਨਾਂ ਦਾ ਧੰਨਵਾਦ ਕੀਤਾ।ਉਹਨਾਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ, ਵਾਇਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਜੀ ਅਤੇ ਸਕੱਤਰ ਸ. ਹਰਦਮਨ ਸਿੰਘ ਮਿਨਹਾਸ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਡਾ. ਹਰਪ੍ਰੀਤ ਸਿੰਘ (ਮੁਖੀ, ਹਿਊਮੈਨੀਟੀਜ਼) ਅਤੇ ਪੰਜਾਬੀ ਵਿਭਾਗ ਨੂੰ ਸੈਮੀਨਾਰ ਉਲੀਕਣ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਯੂਨਵਿਰਸਿਟੀ ਨਾਲ ਜੁੜ ਕੇ ਅਕਾਡਮੀ ਵਲੋਂ ਹੋਰ ਸਮਾਗਮ ਕਰਵਾਉਣ ਦਾ ਅਹਿਦ ਕੀਤਾ।ਉਹਨਾਂ ਪੰਜਾਬੀ ਸਾਹਿਤ ਅਕਾਡਮੀ ਦੀ ਸਮੁੱਚੀ ਟੀਮ ਅਤੇ ਪਰਚਾਕਾਰਾਂ ਦਾ ਵੀ ਸ਼ੁਕਰਾਨਾ ਕੀਤਾ।ਇਸ ਸੈਸ਼ਨ ਦਾ ਮੰਚ ਸੰਚਾਲਨ ਵਾਹਿਦ ਦੁਆਰਾ ਕੀਤਾ ਗਿਆ।ਇਸ ਮੌਕੇ ਸ. ਹਰਦਮਨ ਸਿੰਘ ਮਿਨਹਾਸ, ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ, ਡਾ.ਧਰਮਜੀਤ ਸਿੰਘ ਪਰਮਾਰ ਜੀ, ਵਾਈਸ-ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਡਾ.ਅਨੀਤ ਕੁਮਾਰ, ਰਜਿਸਟਰਾਰ, ਸ. ਰੂਪ ਸਿੰਘ ਡਿਪਟੀ ਰਜਿਸਟਰਾਰ, ਡਾ.ਵਿਜੈ ਧੀਰ ਡੀਨ ਅਕਾਦਮਿਕ ਅਤੇ ਵੱਖ-ਵੱਖ ਵਿਭਾਗਾਂ ਦੇ ਡੀਨ, ਮੁਖੀ, ਅਧਿਆਪਕ, ਵਿਦਿਆਰਥੀ ਅਤੇ ਖੋਜਾਰਥੀ ਹਾਜ਼ਰ ਸਨ।