Date: 22-03-2024
ਸੰਤ ਬਾਬਾ ਭਾਗ ਸਿੰਘ ਯੂਨਵਿਰਸਿਟੀ ਵਿਖੇ ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ, ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ, ਸ਼ਹੀਦ ਸੁਖਦੇਵ ਜੀ ਅਤੇ ਸ਼ਹੀਦ ਰਾਜਗੁਰੂ ਜੀ ਦੇ ਸ਼ਹਾਦਤ ਦਿਵਸ 23 ਮਾਰਚ, 2024 ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਮਾਨਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਅਤੇ ਉਪ-ਕੁਲਪਤੀ ਡਾ: ਧਰਮਜੀਤ ਸਿੰਘ ਪਰਮਾਰ, ਮਾਣਯੋਗ ਸੰਤ ਸਰਵਣ ਸਿੰਘ, ਉਪ-ਪ੍ਰਧਾਨ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਇਟੀ, ਸ. ਹਰਦਮਨ ਸਿੰਘ ਮਿਨਹਾਸ, ਸਕੱਤਰ, ਡਾ. ਅਨੀਤ ਕੁਮਾਰ, ਰਜਿਸਟਰਾਰ, ਡਾ. ਵਿਜੈ ਧੀਰ, ਡੀਨ ਅਕਾਦਮਿਕਸ, ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਸਭ ਤੋਂ ਪਹਿਲਾਂ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬੈਨਰਾਂ ਸਮੇਤ ਸਾਇਕਲ ਰੈਲੀ ਕੱਢੀ। ਇਸ ਰੈਲੀ ਦਾ ਆਗਾਜ਼ ਸ਼ਹਾਦਤ ਦੇ ਸੰਕਲਪ ਨੂੰ ਦਰਸਾਉਂਦੇ ਬੈਨਰਾਂ ਅਤੇ ਨਾਅਰਿਆਂ ਨਾਲ ਕੀਤਾ ਗਿਆ। ਡਾ. ਅਨੀਤ ਕੁਮਾਰ, ਰਜਿਸਟਰਾਰ, ਨੇ ਸਾਇਕਲ ਰੈਲੀ ਨੂੰ ਝੰਡੀ ਦੇ ਕੇ ਰਵਾਨਗੀ ਦਿੱਤੀ। ਇਸ ਰੈਲੀ ਦੇ ਆਯੋਜਨ ਵਿੱਚ ਡਾ. ਅਮਰਜੀਤ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਬਲਾਕ ਨੰਬਰ ਤਿੰਨ ਵਿਚ ‘ਸ਼ਹੀਦ ਭਗਤ ਸਿੰਘ: ਜੀਵਨ ਅਤੇ ਵਿਚਾਰਧਾਰਾ’ ਵਿਸ਼ੇ ‘ਤੇ ਸਿੰਪੋਜ਼ੀਅਮ ਕਰਵਾਇਆ ਗਿਆ। ਇਸ ਸਮਾਗਮ ਵਿਚ ਡਾ.ਹਰਪ੍ਰੀਤ ਸਿੰਘ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਦੇ ਮਹੱਤਵ ਬਾਰੇ ਚਾਨਣਾ ਪਾਇਆ। ਉਹਨਾਂ ਨੇ ਬਸਤੀਵਾਦੀ ਗ਼ੁਲਾਮੀ ਅਤੇ ਸਾਮਰਾਜਵਾਦ ਦੇ ਜ਼ੁਲਮ ਦੌਰਾਨ ਇਹਨਾਂ ਕ੍ਰਾਂਤੀਕਾਰੀਆਂ ਦੇ ਜੀਵਨ ਅਤੇ ਸ਼ਹਾਦਤ ਦੇ ਸੰਕਲਪ ਨੂੰ ਸਮਕਾਲੀ ਸੰਦਰਭਾਂ ਵਿਚ ਪੇਸ਼ ਕੀਤਾ। ਮੁੱਖ ਵਕਤਾ ਦੇ ਤੌਰ ‘ਤੇ ਡਾ. ਅੰਮ੍ਰਿਤਪਾਲ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਫ਼ਲਸਫ਼ੇ ਬਾਰੇ ਮਹੱਤਵਪੂਰਣ ਗੱਲਾਂ ਕੀਤੀਆਂ। ਉਹਨਾਂ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਦਾ ਅਹਿਦ ਦੁਹਰਾਇਆ ਅਤੇ ਚਿੰਤਨ ਮਨਨ ਲਈ ਵਿਦਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਰਵੀਂ ਹਾਜ਼ਰੀ ਲਗਾਈ ਅਤੇ ਸੰਵਾਦਮਈ ਮਾਹੌਲ ਵਿਚ ਇਸ ਸਮਾਗਮ ਦੀ ਸਮਾਪਤੀ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਡਾ.ਹਰਪ੍ਰੀਤ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਦੌਰਾਨ ਫ਼ੈਸਨ ਡਿਜ਼ਾਇਨਿੰਗ ਦੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਕੱਪੜੇ ਉੱਤੇ ਪੇਂਟ ਕਰਕੇ ਆਪਣੀ ਸ਼ਰਧਾਂਜਲੀ ਦਿੱਤੀ। ਰੰਗਮੰਚ ਦੇ ਵਿਦਿਆਰਥੀਆਂ ਨੇ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ, ਸ਼ਹੀਦ ਸੁਖਦੇਵ ਜੀ ਅਤੇ ਸ਼ਹੀਦ ਰਾਜਗੁਰੂ ਜੀ ਦੇ ਸ਼ਹਾਦਤ ਦਿਵਸ’ ਨੂੰ ਸਮਰਪਿਤ ਇੱਕ ਨਾਟਕ ਦੀ ਪੇਸ਼ਕਾਰੀ ਕੀਤੀ। ਇਹ ਨਾਟਕ ਡਾ. ਨਿਰਮਲ ਕੌਰ ਦੀ ਦੇਖ-ਰੇਖ ਵਿੱਚ ਖੇਡਿਆ ਗਿਆ। ਅਖੀਰ ਵਿੱਚ ਡਾ. ਧਰਮਜੀਤ ਸਿੰਘ ਪਰਮਾਰ, ਉਪ-ਕੁਲਪਤੀ, ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੀਆਂ ਸਿੱਖਿਆਵਾਂ ਨਾਲ ਜੁੜਨ ਲਈ ਪ੍ਰੇਰਿਆ ਅਤੇ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ, ਸ਼ਹੀਦ ਸੁਖਦੇਵ ਜੀ ਅਤੇ ਸ਼ਹੀਦ ਰਾਜਗੁਰੂ ਜੀ ਨੂੰ ਸ਼ਰਧਾਂਜਲੀ ਦਿੱਤੀ।