Date: 21-02-2024
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਖੇ ਪੰਜਾਬੀ ਵਿਭਾਗ (ਯੂ.ਆਈ.ਐਚ.) ਵਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਦੋ ਸਮਾਗਮ ਕਰਵਾਏ ਗਏ। ਜੋ ਕਿ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਈਸ-ਚਾਂਸਲਰ ਦੀ ਯੋਗ ਅਗਵਾਈ ਵਿਚ ਸਫ਼ਲਤਾਪੂਰਵਕ ਸੰਪੂਰਣ ਹੋਏ ਹਨ।
ਪੰਜਾਬੀ ਵਿਭਾਗ ਵਲੋਂ ਕੌਮਾਂਤਰੀ ਮਾਤ-ਭਾਸ਼ਾ ਦਿਵਸ ਦੇ ਅੰਤਰਗਤ ਮਾਂ-ਬੋਲੀ ਸਬੰਧੀ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਇਸ ਉਪਰੰਤ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦਾ ਸਿਰਜਣਾਤਮਕ ਲੇਖਣੀ ਮੁਕਾਬਲਾ ਕਰਵਾਇਆ ਗਿਆ। ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਹਨਾਂ ਸਮਾਗਮਾਂ ਵਿਚ ਭਰਵੀਂ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿਚ ਮੁੱਖ ਬੁਲਾਰੇ ਵਜੋਂ ਡਾ. ਜਸਵੰਤ ਰਾਏ (ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਖੋਜ ਅਫ਼ਸਰ, ਹੁਸ਼ਿਆਰਪੁਰ) ਸ਼ਾਮਿਲ ਹੋਏ। ਉਨ੍ਹਾਂ ਨੇ ‘ਮਾਤ-ਭਾਸ਼ਾ: ਸਮਕਾਲੀ ਸੰਦਰਭ’ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦਿੱਤਾ। ਉਹਨਾਂ ਨੇ ਮਾਂ-ਬੋਲੀ ਦੇ ਮਹੱਤਵ, ਸਾਰਥਕਤਾ ਅਤੇ ਸੰਭਾਵਨਾ ਬਾਰੇ ਇਤਿਹਾਸਕ ਦ੍ਰਿਸ਼ਟੀ ਤੋਂ ਵਿਚਾਰ ਪ੍ਰਗਟ ਕੀਤੇ। ਪੰਜਾਬੀ ਮਾਂ-ਬੋਲੀ ਦੀ ਵਿਰਾਸਤ, ਪ੍ਰੰਪਰਾ ਅਤੇ ਪ੍ਰਗਤੀ ਲਈ ਹਰ ਪੰਜਾਬੀ ਨੂੰ ਚੇਤਨ ਹੋਣ ਲਈ ਪ੍ਰੇਰਿਆ। ਮਾਂ-ਬੋਲੀ ਪੰਜਾਬੀ ਵਿਚ ਰਚੇ ਗਏ ਅਮੀਰ ਸਾਹਿਤ ਦੇ ਹਵਾਲੇ ਨਾਲ ਉਹਨਾਂ ਨੇ ਵਿਦਿਆਰਥੀਆਂ ਨੂੰ ਸਿਰਜਣਾਤਮਕ ਊਰਜਾ ਪ੍ਰਵਾਹਿਤ ਕਰਨ ਲਈ ਪ੍ਰੇਰਿਤ ਕੀਤਾ ।
ਇਸ ਅਤੇ ਸਿਰਜਣਾਤਮਕ ਮੁਕਾਬਲੇ ਨੇ ਵਿਦਿਆਰਥੀਆਂ ਅੰਦਰ ਸਿਰਜਣਾਤਮਕਤਾ ਅਤੇ ਸੂਖ਼ਮ ਕਲਾ ਦਾ ਵਿਕਾਸ ਕਰਨ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਜਾਗਰੁਕਤਾ ਪੈਦਾ ਕੀਤੀ। ਸਿਰਜਣਾਤਮਕ ਲੇਖਣੀ, ਕਵਿਤਾ, ਲੇਖ, ਆਲੋਚਨਾਤਮਕ ਲੇਖ ਦੇ ਰਾਹੀਂ ਵਿਦਿਆਰਥੀਆਂ ਨੇ ਪੰਜਾਬੀ ਮਾਂ-ਬੋਲੀ ਦੀ ਸਮਕਾਲੀ ਦਸ਼ਾ ਅਤੇ ਦਿਸ਼ਾ ਸਬੰਧੀ ਭਾਵਪੂਰਤ ਵਿਚਾਰ ਪ੍ਰਗਟ ਕੀਤੇ। ਪੰਜਾਬੀ ਵਿਭਾਗ ਵਲੋਂ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜ਼ਾਈ ਕੀਤੀ ਗਈ। ਵੱਖ-ਵੱਖ ਸ਼੍ਰੇਣੀਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਵਿਭਾਗ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਜਿਸਟਰਾਰ/ਡੀਨ ਯੂ.ਆਈ.ਐਚ./ਯੂ.ਆਈ.ਈ ਡਾ. ਅਨੀਤ ਕੁਮਾਰ, ਡਾ. ਮਨਦੀਪ ਸਿੰਘ (ਐਸੋਸੀਏਟ ਪ੍ਰੋਫ਼ੈਸਰ, ਪੰਜਾਬੀ ਵਿਭਾਗ ਅਤੇ ਡਿਪਟੀ ਡੀਨ ਹਿਊਮੈਨੀਟੀਜ਼), ਡਾ. ਹਰਪ੍ਰੀਤ ਸਿੰਘ (ਸਹਾਇਕ ਪ੍ਰੋਫ਼ੈਸਰ, ਪੰਜਾਬੀ ਵਿਭਾਗ ਅਤੇ ਐਚ.ਓ.ਡੀ. ਹਿਊਮੈਨੀਟੀਜ਼), ਡਾ.ਅਨੀਤਾ ਰਾਣੀ (ਸਹਾਇਕ ਪ੍ਰੋਫ਼ੈਸਰ, ਪੰਜਾਬੀ ਵਿਭਾਗ) ਅਤੇ ਡਾ. ਸੁਰਿੰਦਰ ਕੁਮਾਰ (ਸਹਾਇਕ ਪ੍ਰੋਫ਼ੈਸਰ, ਪੰਜਾਬੀ ਵਿਭਾਗ), ਡਾ. ਅੰਮ੍ਰਿਤਪਾਲ ਸਿੰਘ (ਸਹਾਇਕ ਪ੍ਰੋਫ਼ੈਸਰ,), ਅਨਮੋਲਪਾਲਪ੍ਰੀਤ ਸਿੰਘ (ਸਹਾਇਕ ਪ੍ਰੋਫ਼ੈਸਰ), ਪਰਵੀਨ ਕੁਮਾਰੀ (ਸਹਾਇਕ ਪ੍ਰੋਫ਼ੈਸਰ), ਪਰਮਜੀਤ ਕੌਰ (ਸਹਾਇਕ ਪ੍ਰੋਫ਼ੈਸਰ), ਰਾਜਵੀਰ ਕੌਰ (ਸਹਾਇਕ ਪ੍ਰੋਫ਼ੈਸਰ), ਅਭਿਨਵ ਸ਼ਰਮਾ (ਸਹਾਇਕ ਪ੍ਰੋਫ਼ੈਸਰ) ਆਦਿ ਅਧਿਆਪਕ ਹਾਜ਼ਰ ਸਨ।ਅੰਤ ਵਿਚ ਡਾ. ਅਨੀਤ ਕੁਮਾਰ ਨੇ ਵਿਦਿਆਰਥੀਆਂ ਨੂੰ ਸ਼ਖ਼ਸੀ-ਵਿਕਾਸ ਵਿਚ ਮਾਂ-ਬੋਲੀ ਦੀ ਭੂਮਿਕਾ ਬਾਰੇ ਦੱਸਦਿਆਂ ਪੰਜਾਬੀ ਵਿਭਾਗ ਨੂੰ ਮੁਬਾਰਕਬਾਦ ਆਖਿਆ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।