Date: 04-12-2023
ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਈਸ-ਚਾਂਸਲਰ ਦੀ ਯੋਗ ਅਗਵਾਈ ਵਿਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਐਨ.ਸੀ.ਸੀ ਯੁਨਿਟ ਵਲੋਂ ‘ਅੰਤਰਰਾਸ਼ਟਰੀ ਯੀਅਰ ਆਫ ਮਿਲੇਟਸ’ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।
ਪ੍ਰਮੁੱਖ ਵਕਤਾ ਵਜੋਂ ਡਾ. ਹਰਪ੍ਰੀਤ ਸਿੰਘ (ਸਹਾਇਕ ਪ੍ਰੋਫ਼ੈਸਰ ਪੰਜਾਬੀ ਵਿਭਾਗ, ਐਚ.ਓ.ਡੀ. ਹਿਊਮੈਨੀਟੀਜ਼ ਅਤੇ ਸੀ.ਟੀ.ਓ., ਐਨ.ਸੀ.ਸੀ) ਨੇ ਹਾਜ਼ਰ ਕੈਡਿਟਸ ਨੂੰ ‘ਅੰਤਰਰਾਸ਼ਟਰੀ ਯੀਅਰ ਆਫ ਮਿਲੇਟਸ’ ਦੇ ਮਹੱਤਵ ਅਤੇ ਲੋੜ ਉਪਰ ਚਾਨਣਾ ਪਾਇਆ। ਉਹਨਾਂ ਨੇ ਮਾਨਸਿਕ ਅਤੇ ਸਰੀਰਿਕ ਅਰੋਗਤਾ ਲਈ ਅਨਾਜ ਦੇ ਬਹੁ-ਪਰਤੀ ਗੁਣਾਂ ਸਬੰਧੀ ਤੱਥਮੂਲਕ ਜਾਣਕਾਰੀ ਸਾਂਝਾ ਕੀਤੀ। ਇਸ ਲੈਕਚਰ ਵਿਚ ਬਾਜਰਾ ਅਤੇ ਹੋਰ ਮੋਟੇ ਅਨਾਜਾਂ ਦੇ ਮਹੱਤਵ ਬਾਰੇ ਵਿਸਥਾਰਪੂਰਵਕ ਭਾਸ਼ਣ ਦਿੱਤਾ ਗਿਆ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਖੁਰਾਕ ਅਤੇ ਖੇਤੀਬਾੜੀ ਸੰਗਠਨ ਅਤੇ ਸੰਯੁਕਤ ਰਾਸ਼ਟਰ ਨੇ ਸਾਲ 2023 ਨੂੰ ਬਾਜਰੇ ਦੇ ਅੰਤਰਰਾਸ਼ਟਰੀ ਸਾਲ ਵਜੋਂ ਮਾਨਤਾ ਦਿੱਤੀ ਹੈ। ਬਾਜਰੇ ਦੀ ਪੈਦਾਵਾਰ ਲਈ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਅਤੇ ਘੱਟ ਸਮੇਂ ਵਿੱਚ ਫ਼ਸਲ ਤਿਆਰ ਵੀ ਹੁੰਦੀ ਹੈ। ਬਾਜਰੇ ਵਿੱਚ ਉੱਚ ਪੌਸ਼ਟਿਕ ਤੱਤ ਵੀ ਹੁੰਦੇ ਹਨ। ਭਾਰਤ ਏਸ਼ੀਆ ਵਿੱਚ ਬਾਜਰੇ ਦੇ ਉਤਪਾਦਨ ਵਿੱਚ 80% ਅਤੇ ਵਿਸ਼ਵ ਭਰ ਵਿੱਚ 20% ਯੋਗਦਾਨ ਪਾਉਂਦਾ ਹੈ।
ਉਹਨਾਂ ਦੱਸਿਆ ਕਿ ਵਿਸ਼ਵ ਭਰ ਵਿਚ ਪ੍ਰੰਪਰਕ ਭੋਜਨ-ਪ੍ਰਣਾਲੀ ਨੂੰ ਆਧਾਰ ਬਣਾ ਕੇ ਸਿਹਤਯਾਬ ਸਮਾਜ ਦੀ ਸਿਰਜਣਾ ਵੱਲ ਪਹਿਲਕਦਮੀ ਕੀਤੀ ਜਾ ਰਹੀ ਹੈ।ਅਤਿ ਉਪਭੋਗਤਾਵਾਦੀ, ਤੇਜ਼-ਤਰਾਰ ਜੀਵਨ-ਜਾਚ ਨੇ ਮਨੁੱਖ ਨੂੰ ਉਸਦੇ ਰਵਾਇਤੀ ਖਾਣ-ਪਾਣ ਅਤੇ ਫ਼ਸਲੀ-ਚੱਕਰ ਤੋਂ ਦੂਰ ਕੀਤਾ ਹੈ। ਸਮੁੱਚੇ ਵਿਸ਼ਵ ਵਿਚ ਇਸ ਸਬੰਧੀ ਜਾਗਰੁਕਤਾ ਫੈਲਾਉਣ ਲਈ ਅਜਿਹੇ ਸਮਾਗਮ ਉਲੀਕੇ ਜਾਂਦੇ ਹਨ। ਇਹਨਾਂ ਸਮਾਗਮਾਂ ਦਾ ਉਦੇਸ਼ ਨਾ ਸਿਰਫ਼ ਬਾਜਰੇ ਆਦਿ ਅਨਾਜਾਂ ਦੀ ਸਿਹਤ ਸਬੰਧੀ ਸਾਰਥਕਤਾ ਨੂੰ ਜਾਗਰੁਕਤਾ ਵਿਚ ਬਦਲਣਾ ਹੀ ਨਹੀਂ ਹੈ ਸਗੋਂ ਇਸਦਾ ਉਦੇਸ਼ ਇਹਨਾਂ ਦੇ ਉਤਪਾਦਨ ਅਤੇ ਪੈਦਾਵਾਰ ਨੂੰ ਵਧਾਉਣ ਨਾਲ ਵੀ ਜੁੜਦਾ ਹੈ। ਅੰਤਰਰਾਸ਼ਟਰੀ ਯੀਅਰ ਆਫ ਮਿਲੇਟਸ ਦੇ ਸੰਦਰਭ ਵਿਚ ਮੋਟੇ ਅਨਾਜਾਂ ਦੇ ਗੁਣਾਂ ਅਤੇ ਲੋੜਾਂ ਨੂੰ ਵਿਦਿਆਰਥੀਆਂ ਤੱਕ ਲੈ ਕੇ ਜਾਣਾ ਇਸ ਲੈਕਚਰ ਦੀ ਕਾਮਯਾਬੀ ਰਹੀ। ਜਿਸ ਨਾਲ ਵਿਦਿਆਰਥੀਆਂ ਅੰਦਰ ਜਾਗਰੁਕਤਾ ਪੈਦਾ ਹੋਈ। ਅੰਤ ਵਿਚ ਸਵਾਲ-ਜਵਾਬ ਦੇ ਮਾਧਿਅਮ ਨਾਲ ਸੰਵਾਦਮਈ ਮਾਹੌਲ ਸਿਰਜਿਆ ਗਿਆ। ਇਸ ਮੌਕੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਐਨ.ਸੀ.ਸੀ. ਯੂਨਿਟ ਦੇ ਤਿੰਨਾਂ ਸਾਲਾਂ ਦੇ ਕੈਡਿਟਸ ਹਾਜ਼ਰ ਸਨ।