Date:20/07/2026
Report
ਸਿੱਖ ਇਤਿਹਾਸ ਦੀ ਮਹਾਨਤਾ ਕੇਵਲ ਪਰਾਕ੍ਰਮ ਅਤੇ ਕੁਰਬਾਨੀਆਂ ਵਿੱਚ ਹੀ ਨਹੀਂ, ਸਗੋਂ ਉਸ ਦੀ ਸਮ੍ਰਿੱਧ ਗਿਆਨ-ਪਰੰਪਰਾ ਵਿੱਚ ਵੀ
ਨਿਹਿਤ ਹੈ। ਇਸ ਗਿਆਨ-ਪਰੰਪਰਾ ਨੂੰ ਸਿਰਜਣ, ਸੰਭਾਲਣ ਅਤੇ ਅੱਗੇ ਵਧਾਉਣ ਵਿੱਚ ਨਿਰਮਲ ਸੰਪਰਦਾ ਦਾ ਯੋਗਦਾਨ ਅਤਿ
ਮਹੱਤਵਪੂਰਨ ਹੈ। ਨਿਰਮਲ ਸੰਪਰਦਾ ਨੇ ਗੁਰਮਤਿ ਨੂੰ ਸ਼ਾਸਤਰੀ ਅਧਿਐਨ, ਦਾਰਸ਼ਨਿਕ ਚਿੰਤਨ ਅਤੇ ਵਿਦਵਤਾ ਨਾਲ ਜੋੜਦਿਆਂ
ਸਿੱਖ ਬੌਧਿਕ ਪਰੰਪਰਾ ਨੂੰ ਇੱਕ ਵਿਲੱਖਣ ਪਛਾਣ ਦਿੱਤੀ। ਅੱਜ ਜਦੋਂ ਜਾਣਕਾਰੀ ਦੀ ਬਹੁਲਤਾ ਦੇ ਬਾਵਜੂਦ ਡੂੰਘੇ ਅਧਿਐਨ ਦੀ ਘਾਟ
ਮਹਿਸੂਸ ਕੀਤੀ ਜਾ ਰਹੀ ਹੈ, ਨਿਰਮਲ ਸੰਪਰਦਾ ਦੀ ਵਿਰਾਸਤ ਪਹਿਲਾਂ ਨਾਲੋਂ ਵੱਧ ਪ੍ਰਸੰਗਿਕ ਨਜ਼ਰ ਆਉਂਦੀ ਹੈ।
ਨਿਰਮਲ ਸੰਪਰਦਾ ਦੀ ਉਤਪੱਤੀ ਦਾ ਸੰਬੰਧ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਰਅੰਦੇਸ਼ੀ ਨਾਲ ਜੋੜਿਆ ਜਾਂਦਾ ਹੈ।
ਪਰੰਪਰਾਗਤ ਸਰੋਤਾਂ ਅਨੁਸਾਰ ਗੁਰੂ ਸਾਹਿਬ ਨੇ ਆਪਣੇ ਕੁਝ ਸਿੱਖਾਂ ਨੂੰ ਕਾਸ਼ੀ ਭੇਜਿਆ ਤਾਂ ਜੋ ਉਹ ਸੰਸਕ੍ਰਿਤ, ਵੇਦਾਂਤ, ਵਿਆਕਰਨ,
ਮੀਮਾਂਸਾ, ਨਿਆਇ ਅਤੇ ਭਾਰਤੀ ਦਰਸ਼ਨ ਦਾ ਡੂੰਘਾ ਅਧਿਐਨ ਕਰ ਸਕਣ। ਉਦੇਸ਼ ਸਪੱਸ਼ਟ ਸੀ—ਗੁਰਬਾਣੀ ਦੇ ਸਰਬਵਿਆਪਕ
ਸੰਦੇਸ਼ ਨੂੰ ਵਿਦਵਤਾ ਅਤੇ ਤਰਕ ਦੇ ਆਧਾਰ 'ਤੇ ਸਮਝਣਾ ਅਤੇ ਸਮਝਾਉਣਾ। ਸਿੱਖਿਆ ਪ੍ਰਾਪਤ ਕਰਕੇ ਵਾਪਸ ਆਏ ਇਨ੍ਹਾਂ ਵਿਦਵਾਨਾਂ
ਨੇ ਗੁਰਮਤਿ ਦੀ ਵਿਆਖਿਆ, ਸਿੱਖਿਆ ਦੇ ਪ੍ਰਸਾਰ ਅਤੇ ਧਾਰਮਿਕ ਚੇਤਨਾ ਨੂੰ ਮਜ਼ਬੂਤ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਉਨ੍ਹਾਂ
ਦੇ ਨਿਰਮਲ ਆਚਰਨ, ਸਾਦਗੀ ਅਤੇ ਗਿਆਨ ਕਾਰਨ ਇਹ ਪਰੰਪਰਾ "ਨਿਰਮਲ ਸੰਪਰਦਾ" ਵਜੋਂ ਪ੍ਰਸਿੱਧ ਹੋਈ।
ਨਿਰਮਲ ਸੰਪਰਦਾ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਵੀ ਅਨਮੋਲ ਯੋਗਦਾਨ ਦਿੱਤਾ। ਗੁਰਬਾਣੀ ਦੀਆਂ ਟੀਕਾਵਾਂ, ਇਤਿਹਾਸਕ ਗ੍ਰੰਥਾਂ,
ਕੋਸ਼ਾਂ ਅਤੇ ਧਾਰਮਿਕ ਸਾਹਿਤ ਦੀ ਰਚਨਾ ਕਰਕੇ ਨਿਰਮਲਾ ਵਿਦਵਾਨਾਂ ਨੇ ਪੰਜਾਬੀ ਦੀ ਗਿਆਨ-ਪਰੰਪਰਾ ਨੂੰ ਸਮ੍ਰਿੱਧ ਕੀਤਾ। ਅੱਜ ਵੀ
ਕਈ ਯੂਨੀਵਰਸਿਟੀਆਂ ਵਿੱਚ ਨਿਰਮਲਾ ਸਾਹਿਤ ਉੱਤੇ ਖੋਜ ਕੀਤੀ ਜਾ ਰਹੀ ਹੈ, ਪਰ ਇਸ ਖੇਤਰ ਵਿੱਚ ਅਜੇ ਵੀ ਬਹੁਤ ਕੁਝ ਕੀਤਾ
ਜਾਣਾ ਬਾਕੀ ਹੈ।
ਇਸ ਪਰੰਪਰਾ ਵਿੱਚ ਨੌਰੰਗਾਬਾਦੀ ਸੰਪਰਦਾ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਪਰਉਪਕਾਰ, ਗੁਰਮਤਿ ਪ੍ਰਚਾਰ ਅਤੇ ਲੋਕ-ਸੇਵਾ ਇਸ
ਦੀ ਪਛਾਣ ਬਣੇ। ਨੌਰੰਗਾਬਾਦੀ ਪਰੰਪਰਾ ਵਿੱਚੋਂ ਹੀ ਹੋਤੀ ਸੰਪਰਦਾ ਦਾ ਵਿਕਾਸ ਹੋਇਆ, ਜਿਸ ਨੂੰ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ
ਦੇ ਤਪ, ਸਾਧਨਾ ਅਤੇ ਆਧਿਆਤਮਿਕ ਪ੍ਰਤਾਪ ਨੇ ਨਵੀਂ ਦਿਸ਼ਾ ਦਿੱਤੀ। ਇਸ ਪਰੰਪਰਾ ਨੇ ਅਨੇਕ ਅਜਿਹੇ ਮਹਾਂਪੁਰਖ ਪੈਦਾ ਕੀਤੇ,
ਜਿਨ੍ਹਾਂ ਨੇ ਗੁਰਬਾਣੀ ਦੇ ਸੰਦੇਸ਼ ਨੂੰ ਕੇਵਲ ਉਪਦੇਸ਼ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਆਪਣੇ ਜੀਵਨ ਰਾਹੀਂ ਉਸ ਨੂੰ ਜਿਉਂਦਾ ਕੀਤਾ।
ਨਿਰਮਲਾ ਸੰਪਰਦਾ ਦੀ ਵਿਲੱਖਣਤਾ ਇਹ ਹੈ ਕਿ ਇਸ ਨੇ ਧਰਮ ਨੂੰ ਕਰਮਕਾਂਡ ਤੱਕ ਸੀਮਿਤ ਨਾ ਰੱਖ ਕੇ ਉਸ ਨੂੰ ਮਨੁੱਖੀ ਜੀਵਨ,
ਸਮਾਜਕ ਜ਼ਿੰਮੇਵਾਰੀ ਅਤੇ ਲੋਕ-ਭਲਾਈ ਨਾਲ ਜੋੜਿਆ। ਇਸੇ ਮਹਾਨ ਪਰੰਪਰਾ ਦਾ ਇੱਕ ਪ੍ਰਮੁੱਖ ਕੇਂਦਰ ਹੈ ਡੇਰਾ ਸੰਤਪੁਰਾ ਜੱਬੜ੍ਹ
(ਮਾਣਕੋ), ਜੋ ਅੱਜ ਵੀ ਨਿਰਮਲਾ ਸੰਪਰਦਾ ਦੀ ਆਧਿਆਤਮਿਕ, ਵਿਦਿਅਕ ਅਤੇ ਸਮਾਜਿਕ ਵਿਰਾਸਤ ਨੂੰ ਸਾਂਭਣ ਵਾਲਾ ਇੱਕ
ਮਹੱਤਵਪੂਰਨ ਅਦਾਰਾ ਹੈ। ਡੇਰਾ ਸੰਤਪੁਰਾ ਜੱਬੜ੍ਹ ਦੀ ਵਿਲੱਖਣਤਾ ਇਸ ਦੀ ਗੁਰੂ-ਸ਼ਿਸ਼ ਪਰੰਪਰਾ ਵਿੱਚ ਨਿਹਿਤ ਹੈ। ਪਰੰਪਰਾਗਤ
ਵੰਸ਼ਾਵਲੀ ਅਨੁਸਾਰ ਇਸ ਦੀ ਆਧਿਆਤਮਿਕ ਧਾਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਚੱਲ ਕੇ ਪੰਜ ਪਿਆਰਿਆਂ ਵਿੱਚੋਂ ਭਾਈ
ਦਇਆ ਸਿੰਘ ਜੀ ਤੱਕ ਪਹੁੰਚਦੀ ਹੈ। ਇਸ ਤੋਂ ਬਾਅਦ ਇਹ ਪਰੰਪਰਾ ਸੰਤ ਦੀਪ ਸਿੰਘ ਜੀ, ਸੰਤ ਸੋਭਾ ਸਿੰਘ ਜੀ, ਬਾਬਾ ਸਾਹਿਬ ਸਿੰਘ
ਜੀ ਵੇਦੀ (ਊਨਾ ਵਾਲੇ), ਬਾਬਾ ਭਾਗ ਸਿੰਘ ਜੀ ਕੁਰੀਵਾਲੇ ਅਤੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਰਾਹੀਂ ਅੱਗੇ ਵਧਦੀ ਹੈ।
ਬਾਬਾ ਮਹਾਰਾਜ ਸਿੰਘ ਜੀ ਅਤੇ ਬਾਬਾ ਖੁਦਾ ਸਿੰਘ ਜੀ ਤੋਂ ਇਹ ਸੰਤ ਰਾਮ ਸਿੰਘ ਜੀ ਵਿਰਕਤ ਅਤੇ ਸੰਤ ਕਰਮ ਸਿੰਘ ਜੀ ਹੋਤੀ
ਮਰਦਾਨ ਤੱਕ ਪਹੁੰਚਦੀ ਹੈ। ਇਹੀ ਉਹ ਲੜੀ ਹੈ ਜਿਸ ਨੇ ਨਿਰਮਲਾ ਸੰਪਰਦਾ ਨੂੰ ਕੇਵਲ ਇੱਕ ਧਾਰਮਿਕ ਸੰਸਥਾ ਨਹੀਂ ਰਹਿਣ ਦਿੱਤਾ,
ਸਗੋਂ ਇੱਕ ਜੀਵੰਤ ਅਧਿਆਤਮਕ ਪਰੰਪਰਾ ਵਜੋਂ ਵਿਕਸਿਤ ਕੀਤਾ।
ਇਸੇ ਗੁਰੂ-ਪਰੰਪਰਾ ਵਿੱਚ ਸੰਤ ਹਰਨਾਮ ਸਿੰਘ ਜੀ ਜਿਆਣ ਵਾਲੇ ਅਤੇ ਸੰਤ ਬਾਬਾ ਹਰੀ ਸਿੰਘ ਜੀ ਕੁਹਾਰਪੁਰ ਵਾਲਿਆਂ ਤੋਂ ਬਾਅਦ
ਸੰਤ ਬਾਬਾ ਭਾਗ ਸਿੰਘ ਜੀ ਸੰਤਪੁਰਾ ਜੱਬੜ੍ਹ ਦਾ ਪ੍ਰਕਾਸ਼ ਹੁੰਦਾ ਹੈ। ਸੰਤ ਭਾਗ ਸਿੰਘ ਜੀ ਦੇ ਜੀਵਨ ਨਾਲ ਡੇਰਾ ਸੰਤਪੁਰਾ ਜੱਬੜ੍ਹ ਦੇ
ਇਤਿਹਾਸ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੁੰਦਾ ਹੈ। ਉਨ੍ਹਾਂ ਨੇ ਨਿਰਮਲਾ ਪਰੰਪਰਾ ਦੇ ਮੂਲ ਆਦਰਸ਼—ਨਾਮ, ਬਾਣੀ, ਸਿਮਰਨ ਅਤੇ
ਤਪ—ਨੂੰ ਲੋਕ-ਸੇਵਾ ਨਾਲ ਜੋੜਦਿਆਂ, ਇਲਾਕੇ ਵਿੱਚ ਗੁਰਮਤਿ ਦੀ ਇੱਕ ਮਜ਼ਬੂਤ ਲਹਿਰ ਪੈਦਾ ਕੀਤੀ। ਉਨ੍ਹਾਂ ਦੇ ਪ੍ਰਭਾਵ ਕਾਰਨ
ਹਜ਼ਾਰਾਂ ਲੋਕਾਂ ਨੇ ਗੁਰਬਾਣੀ ਨਾਲ ਆਪਣਾ ਨਾਤਾ ਜੋੜਿਆ ਅਤੇ ਡੇਰਾ ਇੱਕ ਅਜਿਹੇ ਕੇਂਦਰ ਵਜੋਂ ਵਿਕਸਿਤ ਹੋਇਆ, ਜਿੱਥੇ ਧਰਮ ਦਾ
ਅਰਥ ਕੇਵਲ ਪੂਜਾ ਨਹੀਂ, ਸਗੋਂ ਮਨੁੱਖੀ ਸੇਵਾ, ਨੈਤਿਕ ਜੀਵਨ ਅਤੇ ਸਮਾਜਿਕ ਜਾਗਰੂਕਤਾ ਬਣ ਗਿਆ। ਸੰਤ ਬਾਬਾ ਭਾਗ ਸਿੰਘ ਜੀ ਤੋਂ
ਬਾਅਦ ਸੰਤ ਬਾਬਾ ਹਰਦਿਆਲ ਸਿੰਘ ਮੁਸਾਫਿਰ ਡੇਰੇ ਦੀ ਜ਼ਿੰਮੇਵਾਰੀ ਸੰਭਾਲੀ। ਸੰਤ ਬਾਬਾ ਹਰਦਿਆਲ ਸਿੰਘ ਮੁਸਾਫਿਰ ਤੋਂ ਬਾਅਦ,
ਸੰਤ ਬਾਬਾ ਮਲਕੀਤ ਸਿੰਘ 1982 ਵਿੱਚ ਡੇਰੇ ਦੇ ਮੁਖੀ ਬਣੇ। ਉਨ੍ਹਾਂ ਨੂੰ ‘ਬ੍ਰਿਜ ਬਾਬਾ’ ਵਜੋਂ ਵੀ ਜਾਣਿਆ ਜਾਂਦਾ ਸੀ ਕਿਉਂਕਿ ਉਨ੍ਹਾਂ ਨੇ
ਕਈ ਪੁਲਾਂ ਅਤੇ ਸੜਕਾਂ ਦਾ ਨਿਰਮਾਣ ਕਰਵਾਇਆ। ਉਨ੍ਹਾਂ ਨੇ ਸੰਗਤ ਉੱਪਰ ਨਾ ਸਿਰਫ਼ ਅਧਿਆਤਮਕ ਅਤੇ ਦੈਵੀ ਪੂੰਜੀ ਦਾ
ਪਰਉਪਕਾਰ ਕੀਤਾ ਸਗੋਂ ਉਨ੍ਹਾਂ ਨੇ ਮਾਨਵਤਾ ਲਈ ਬਹੁਤ ਸਾਰੇ ਪਰਉਪਕਾਰੀ ਕਾਰਜ ਵੀ ਕੀਤੇ। ਸੰਤ ਬਾਬਾ ਮਲਕੀਤ ਸਿੰਘ ਦੇ
ਬ੍ਰਹਮਲੀਨ ਹੋਣ ਤੋਂ ਬਾਅਦ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਨੇ ਡੇਰੇ ਦੀਆਂ ਜ਼ਿੰਮੇਵਾਰੀਆਂ ਸੰਭਾਲੀ। ਉਹ ਮਾਨਵਤਾ ਦੀ
ਸੇਵਾ ਲਈ ਸਮਰਪਿਤ ਸਨ ਅਤੇ ਉਨ੍ਹਾਂ ਨੂੰ ‘ਬ੍ਰਹਮ ਜੀ’ ਦਾ ਖ਼ਿਤਾਬ ਪ੍ਰਾਪਤ ਹੋਇਆ। ਉਨ੍ਹਾਂ ਤੋਂ ਬਾਅਦ ਸੰਤ ਬਾਬਾ ਜਨਕ ਸਿੰਘ ਜੀ ਨੂੰ
ਜ਼ਿੰਮੇਵਾਰੀ ਸੌਂਪੀ ਗਈ ।
ਡੇਰਾ ਸੰਤਪੁਰਾ ਜੱਬੜ੍ਹ ਨੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸੇਵਾ ਅਤੇ ਸਿਮਰਨ ਦੇ ਪੁੰਜ ਸੰਤ ਬਾਬਾ
ਮਲਕੀਤ ਸਿੰਘ ਜੀ ਦੀ ਰਹਿਨੁਮਾਈ ਹੇਠ, ਸੰਤਪੁਰਾ ਤੋਂ ਆਲ਼ੇ ਦੁਆਲ਼ੇ ਦੇ ਪਿੰਡਾਂ ਤੱਕ ਰੌਸ਼ਨੀ ਵਾਲੀਆਂ ਪੱਕੀਆਂ ਸੜਕਾਂ ਅਤੇ ਪੁਲ
ਬਣਾਏ। ਪਿੰਡ ਮਾਣਕੋ ਅਤੇ ਡਰੋਲੀ ਦੇ ਵਿਚਕਾਰ ਇੱਕ ਪੁਲ ਬਣਾਇਆ ਗਿਆ। ਇਹ ਪੁਲ 1010 ਫੁੱਟ ਲੰਬਾ ਅਤੇ 23 ਫੁੱਟ ਚੌੜਾ
ਹੈ। ਇਸ ਪੁਲ ਦੀ ਅੰਦਾਜ਼ਨ ਲਾਗਤ 5 ਕਰੋੜ ਰੁਪਏ ਆਈ ਅਤੇ ਇਹ ਗਿਆਰਾਂ ਮਹੀਨਿਆਂ ਵਿੱਚ ਪੂਰਾ ਕੀਤਾ ਗਿਆ।
ਇਲਾਕੇ ਅੰਦਰ ਅਧਿਆਤਮਕ ਗਿਆਨ ਅਤੇ ਅਕਾਦਮਿਕ ਗਿਆਨ ਲਈ ਵਡੇਰੇ ਸਿੱਖਿਆ ਸੰਸਥਾ ਬਣਾਉਣ ਦੇ ਯਤਨ ਅਰੰਭ ਕੀਤੇ
ਗਏ। ਇਸ ਦ੍ਰਿਸ਼ਟੀ ਨਾਲ਼ ਸੰਤ ਬਾਬਾ ਮਲਕੀਤ ਸਿੰਘ ਜੀ ਨੇ ਸੰਨ 2000 ਵਿੱਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ
ਸੁਸਾਇਟੀ ਦੀ ਸਥਾਪਨਾ ਕੀਤੀ ਗਈ। ਸਿੱਖਿਆ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਮਾਰਚ 2003 ਵਿੱਚ ਸੰਤ ਬਾਬਾ ਭਾਗ ਸਿੰਘ
ਐਜੂਕੇਸ਼ਨਲ ਕੰਪਲੈਕਸ ਦੀ ਸਥਾਪਨਾ ਕੀਤੀ ਗਈ। ਸ਼ਬਦ ਗੁਰੂ ਦੇ ਸੰਕਲਪ ਅਤੇ ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿੱਚ ਸੰਤ ਬਾਬਾ
ਮਲਕੀਤ ਸਿੰਘ ਜੀ ਨਜ਼ਦੀਕੀ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ। ਸੰਤ ਬਾਬਾ ਮਲਕੀਤ ਸਿੰਘ ਜੀ ਦੇ ਜੀਵਨ,
ਪ੍ਰਵਚਨਾਂ ਅਤੇ ਪ੍ਰਚਾਰ ਨਾਲ਼ ਬਹੁਤ ਸਾਰੇ ਪ੍ਰਾਣੀ ਅੰਮ੍ਰਿਤ ਸੰਚਾਰ ਰਾਹੀਂ ਗੁਰੂ ਵਾਲੇ ਬਣੇ। ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼
ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ ਸਥਾਪਨਾ 2003 ਵਿੱਚ ਕੀਤੀ ਗਈ ਸੀ। ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਦੀ
ਸਥਾਪਨਾ 2004 ਵਿੱਚ ਹੋਈ ਸੀ। ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਐਜੂਕੇਸ਼ਨ 2005 ਵਿੱਚ ਸਥਾਪਿਤ ਕੀਤਾ ਗਿਆ
ਸੀ। ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਦੀ ਸਥਾਪਨਾ 2005 ਵਿੱਚ ਹੋਈ ਸੀ। ਕੇਂਦਰੀ ਵਿਭਾਗ ਜਿਵੇਂ ਕਿ
ਏਕੀਕ੍ਰਿਤ ਵਿਕਾਸ ਅਤੇ ਪਲੇਸਮੈਂਟ ਵਿਭਾਗ, ਸੰਗੀਤ ਵਿਭਾਗ ਅਤੇ ਖੇਡ ਵਿਭਾਗ 2006 ਵਿੱਚ ਵਿਕਸਤ ਕੀਤੇ ਗਏ ਸਨ। 2011
ਵਿਚ ਬਿੰਜੋ ਵਿਖੇ ਸਕੂਲ ਦੀ ਸਥਾਪਨਾ ਕੀਤੀ ਗਈ। ਸੰਤ ਮਲਕੀਤ ਸਿੰਘ ਦੀ ਅਗੰਮੀ ਅਤੇ ਅਦੁੱਤੀ ਸੋਚ ਸਦਕਾ 2015 ਵਿੱਚ ਸੰਤ
ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ। ਇਸ ਕੈਂਪਸ ਵਿੱਚੋਂ ਗ੍ਰੈਜੂਏਸ਼ਨ ਤੋਂ ਲੈ ਕੇ ਪੀਐਚ.ਡੀ. ਤੱਕ ਦੀ ਸਿੱਖਿਆ
ਪ੍ਰਦਾਨ ਕੀਤੀ ਜਾਂਦੀ ਹੈ। ਯੂਨੀਵਰਸਿਟੀ ਵਿਚ 9 ਇੰਸਟੀਚਿਊਟ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ
ਟੈਕਨਾਲੋਜੀ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਕਾਮਰਸ ਐਂਡ ਮੈਨੇਜਮੈਂਟ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਹਿਊਮੈਨਟੀਜ਼,
ਖੇਤੀਬਾੜੀ ਫੈਕਲਟੀ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਸਾਇੰਸਿਜ਼, ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਲਾਈਡ ਹੈਲਥ
ਸਾਇੰਸਿਜ਼, ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਐਂਡ ਇਨਫਰਮੇਸ਼ਨ ਸਾਇੰਸਜ਼, ਯੂਨੀਵਰਸਿਟੀ ਲਾਅ
ਇੰਸਟੀਚਿਊਟ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਐਜੂਕੇਸ਼ਨ ਚਲ ਰਹੇ ਹਨ।
ਸੰਤ ਬਾਬਾ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਦ੍ਰਿਸ਼ਠੀਕੋਣ ਅਤੇ ਮਿਸ਼ਨ ਵਿਦਿਆਰਥੀਆਂ ਨੂੰ ਗਿਆਨ, ਬੁੱਧੀ ਅਤੇ ਉੱਚੇ ਮਨੁੱਖੀ
ਮੁੱਲਾਂ ਨਾਲ ਸਸ਼ਕਤ ਬਣਾਉਣਾ, ਤਾਂ ਜੋ ਉਹ ਆਤਮ-ਵਿਸ਼ਵਾਸੀ, ਸਿਰਜਣਾਤਮਕ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਵਿਕਸਿਤ
ਹੋਣ।ਉਨ੍ਹਾਂ ਨੂੰ ਅਜਿਹੀ ਗੁਣਵੱਤਾ-ਪੂਰਨ ਸਿੱਖਿਆ ਲਈ ਪ੍ਰੇਰਿਤ ਕਰਨਾ ਜੋ ਉਨ੍ਹਾਂ ਦੇ ਜੀਵਨ ਨੂੰ ਖੁਸ਼ਹਾਲ, ਸਫਲ, ਅਰਥਪੂਰਨ ਅਤੇ
ਸਮਾਜ-ਹਿਤੈਸ਼ੀ ਬਣਾਉਣ ਵਿੱਚ ਸਹਾਇਕ ਹੋਵੇ। ਇਹ ਸੰਸਥਾ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ
ਅਤੇ ਰਾਜ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ।
ਡੇਰਾ ਸਮਾਜਿਕ ਕੁਰੀਤੀਆਂ, ਖ਼ਾਸ ਕਰਕੇ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਫੈਲਾਉਂਦਾ ਹੈ। ਇੱਥੇ ਲੰਗਰ ਦਾ ਪ੍ਰਬੰਧ ਅਤੇ ਮੁਫਤ
ਡਿਸਪੈਂਸਰੀਆਂ ਆਦਿ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਡੇਰਾ ਖੇਡਾਂ, ਖਾਸ ਕਰਕੇ ਫੁੱਟਬਾਲ ਅਤੇ ਕਬੱਡੀ ਨੂੰ ਉਤਸ਼ਾਹਿਤ
ਕਰਦਾ ਹੈ ਅਤੇ ਖਿਡਾਰੀਆਂ ਨੂੰ ਪੌਸ਼ਟਿਕ ਖੁਰਾਕ ਪ੍ਰਦਾਨ ਕਰਦਾ ਹੈ। ਪਿਛਲੇ ਸਮੇਂ ਵਿੱਚ ਕਿਸਾਨ ਮੇਲਾ, ਸੈਮੀਨਾਰ, ਕਾਨਫ਼ਰੰਸਾਂ ਅਤੇ
ਹੋਰ ਸਾਹਿਤਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਰਹੀਆਂ ਹਨ। ਡੇਰਾ ਗੁਰਬਾਣੀ ਦੀ ਕਥਾ ਅਤੇ ਕੀਰਤਨ ਰਾਹੀਂ ਸਿੱਖ ਧਰਮ
ਅਤੇ ਇਤਿਹਾਸ ਦਾ ਪ੍ਰਚਾਰ ਕਰਦਾ ਹੈ ਅਤੇ ਅਧਿਆਤਮਕ ਗਿਆਨ ਦਾ ਪ੍ਰਕਾਸ਼ ਵੀ ਵੰਡਦਾ ਹੈ। ਨਿਰਮਲ ਸੰਪਰਦਾ ਨੇ ਸਿੱਖ ਧਰਮ ਦੇ
ਪ੍ਰਚਾਰ ਅਤੇ ਸਮਾਜਿਕ ਭਲਾਈ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਫਲਸਫਾ, ਜੋ ਵੇਦਾਂਤ ਅਤੇ ਗੁਰਬਾਣੀ ਦਾ ਸੁਮੇਲ
ਹੈ, ਨੇ ਸਮਾਜ ਵਿੱਚ ਗਿਆਨ ਅਤੇ ਏਕਤਾ ਪੈਦਾ ਕੀਤੀ ਹੈ। ਡੇਰਾ ਸੰਤਪੁਰਾ ਜੱਬੜ੍ਹ ਵੱਲੋਂ ਸੰਤ ਬਾਬਾ ਭਾਗ ਸਿੰਘ ਅਤੇ ਉਨ੍ਹਾਂ ਦੇ ਪਾਏ
ਪੂਰਨਿਆਂ ’ਤੇ ਚੱਲਦੇ ਮਹਾਂਪੁਰਖਾਂ ਦੀ ਅਗਵਾਈ ਵਿੱਚ ਬੁਨਿਆਈ ਸਿੱਖਿਆ, ਉੱਚ ਸਿੱਖਿਆ, ਬੁਨਿਆਦੀ ਢਾਂਚੇ ਅਤੇ ਸਿਹਤ ਸੇਵਾਵਾਂ
ਦੇ ਖੇਤਰ ਵਿੱਚ ਲਾਮਿਸਾਲ ਪ੍ਰਾਪਤੀਆਂ ਕੀਤੀਆਂ ਹਨ।
ਰਾਸ਼ਟਰੀ ਸਿੱਖਿਆ ਨੀਤੀ ਦੇ ਦੌਰ ਵਿੱਚ ਭਾਰਤੀ ਗਿਆਨ-ਪਰੰਪਰਾਵਾਂ ਉੱਤੇ ਵੱਧ ਰਹੇ ਜ਼ੋਰ ਨੂੰ ਦੇਖਦਿਆਂ ਨਿਰਮਲ ਸੰਪਰਦਾ ਦੇ
ਅਧਿਐਨ ਨੂੰ ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਧਾਰਮਿਕ ਅਧਿਐਨ ਕੇਂਦਰਾਂ ਵਿੱਚ ਵਿਸ਼ੇਸ਼ ਸਥਾਨ ਮਿਲਣਾ ਚਾਹੀਦਾ ਹੈ। ਇਸ
ਨਾਲ ਸਿਰਫ਼ ਸਿੱਖ ਇਤਿਹਾਸ ਹੀ ਨਹੀਂ, ਸਗੋਂ ਭਾਰਤੀ ਦਰਸ਼ਨ, ਭਾਸ਼ਾ ਅਤੇ ਸੱਭਿਆਚਾਰ ਦੇ ਅਧਿਐਨ ਨੂੰ ਵੀ ਨਵੀਂ ਦਿਸ਼ਾ ਮਿਲੇਗੀ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਨਿਰਮਲ ਸੰਪਰਦਾ ਸਿਰਫ਼ ਇੱਕ ਧਾਰਮਿਕ ਸੰਪਰਦਾ ਨਹੀਂ, ਸਗੋਂ ਗਿਆਨ, ਵਿਦਵਤਾ,
ਨਿਮਰਤਾ ਅਤੇ ਮਨੁੱਖੀ ਸੇਵਾ ਦਾ ਜੀਵੰਤ ਪ੍ਰਤੀਕ ਹੈ। ਇਸ ਦੀ ਵਿਰਾਸਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਮਾਜ ਦੀ ਅਸਲ ਤਰੱਕੀ
ਸ਼ਸਤਰ ਨਾਲ ਨਹੀਂ, ਸਗੋਂ ਸ਼ਾਸਤਰ, ਸਿੱਖਿਆ ਅਤੇ ਸਦਾਚਾਰ ਨਾਲ ਹੁੰਦੀ ਹੈ। ਨਿਰਮਲ ਸੰਪਰਦਾ ਦੀ ਇਹ ਗਿਆਨ-ਜੋਤ ਆਉਣ
ਵਾਲੀਆਂ ਪੀੜ੍ਹੀਆਂ ਨੂੰ ਵੀ ਸੱਚ, ਵਿਦਿਆ ਅਤੇ ਮਨੁੱਖਤਾ ਦੇ ਰਾਹ 'ਤੇ ਚੱਲਣ ਦੀ ਪ੍ਰੇਰਣਾ ਦਿੰਦੀ ਰਹੇਗੀ।ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ, ਵਾਈਸ-ਚਾਂਸਲਰ ਪ੍ਰੋ. ਪਲਵਿੰਦਰ ਸਿੰਘ ਅਤੇ ਸ. ਹਰਦਮਨ ਸਿੰਘ ਮਿਨਹਾਸ ਜੀ (ਸਕੱਤਰ) ਦੀ ਅਗਵਾਈ ਹੇਠ ਚਲ ਰਹੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਲਵਿੰਦਰ ਸਿੰਘ ਜੀ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ, ਹੁਨਰ-ਅਧਾਰਿਤ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਸਿੱਖਿਆ ਪ੍ਰਦਾਨ ਕਰਨਾ ਹੈ। ਯੂਨੀਵਰਸਿਟੀ ਵਿਚ ਵੱਖ-ਵੱਖ ਵਿਸ਼ਿਆਂ ਦੇ ਆਧੁਨਿਕ ਕੋਰਸ ਉਪਲਬਧ ਹਨ। ਸਾਡਾ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ, ਪੇਸ਼ੇਵਰ ਯੋਗਤਾਵਾਂ, ਨਵੀਨ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਭਰਪੂਰ ਨਾਗਰਿਕ ਬਣਾਉਣਾ ਹੈ। ਅਸੀਂ ਅਜਿਹਾ ਸਿੱਖਿਆਕ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੇ ਸਫਲ ਕਰੀਅਰ ਦੀ ਮਜ਼ਬੂਤ ਨੀਂਹ ਰੱਖੇ।ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ, ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨ, ਵਿਗਿਆਨ, ਸਿਹਤ ਵਿਗਿਆਨ, ਖੇਤੀਬਾੜੀ, ਹਿਊਮੈਨਿਟੀਜ਼, ਸਿੱਖਿਆ ਅਤੇ ਕਾਨੂੰਨ ਸਮੇਤ ਕਈ ਵਿਸ਼ਿਆਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰ ਰਹੀ ਹੈ। ਯੂਨੀਵਰਸਿਟੀ ਵਿੱਚ ਅੰਡਰਗ੍ਰੈਜੂਏਟ, ਪੋਸਟਗ੍ਰੈਜੂਏਟ ਅਤੇ ਪੀ.ਐੱਚ.ਡੀ. ਪੱਧਰ ਦੇ ਅਨੇਕਾਂ ਕੋਰਸ ਉਪਲਬਧ ਹਨ। ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿੱਚ B.Tech (Computer Science AI & ML, Cyber Security, Civil, Electrical ਅਤੇ Mechanical Engineering) ਅਤੇ M.Tech ਪ੍ਰੋਗਰਾਮ ਚਲਾਏ ਜਾ ਰਹੇ ਹਨ। ਯੂਨੀਵਰਸਿਟੀ ਇੰਸਟੀਚਿਊਟ ਆਫ ਕਾਮਰਸ ਐਂਡ ਮੈਨੇਜਮੈਂਟ (UICM) ਵਿੱਚ B.Com, BBA, MBA, M.Com, BHMCT, MHMCT ਅਤੇ BTTM ਵਰਗੇ ਕੋਰਸ ਉਪਲਬਧ ਹਨ। ਇਸ ਤੋਂ ਇਲਾਵਾ IBM ਦੇ ਸਹਿਯੋਗ ਨਾਲ AI Machine Learning ਅਤੇ Business Analytics ਵਰਗੇ ਉਦਯੋਗ-ਕੇਂਦਰਿਤ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਇੰਸਟੀਚਿਊਟ ਆਫ ਕੰਪਿਊਟਰ ਐਪਲੀਕੇਸ਼ਨ ਐਂਡ ਇਨਫਰਮੇਸ਼ਨ ਸਾਇੰਸ ਵਿੱਚ BCA, MCA, B.Sc. IT ਅਤੇ Animation & Multimedia ਵਰਗੇ ਕੋਰਸ ਹਨ ਜਦਕਿ ਯੂਨੀਵਰਸਿਟੀ ਇੰਸਟੀਚਿਊਟ ਆਫ ਸਾਇੰਸ (UIS) ਵਿੱਚ Life Science, Physical Science, Forensic Science ਅਤੇ M.Sc. (Physics, Chemistry, Mathematics, Botany, Zoology) ਦੇ ਪ੍ਰੋਗਰਾਮ ਚਲਾਏ ਜਾਂਦੇ ਹਨ। ਸਿਹਤ ਖੇਤਰ ਵਿੱਚ Medical Laboratory Technology, Radiology, Anaesthesia & Operation Theatre Technology ਆਦਿ ਦੇ ਕੋਰਸ ਵੀ ਉਪਲਬਧ ਹਨ। ਇੰਸਟੀਚਿਊਟ ਆਫ ਹਿਊਮੈਨਿਟੀਜ਼ ਅਧੀਨ M.A. Punjabi, English, History, Economics, Political Science, Fashion Designing ਅਤੇ B.A. Humanities,BA Honours ਵਰਗੇ ਕੋਰਸ ਹਨ। ਇੰਸਟੀਚਿਊਟ ਆਫ ਐਜੂਕੇਸ਼ਨ ਵਿੱਚ B.Ed., B.P.Ed., BPES ਅਤੇ MPES, ਜਦਕਿ University Institute of Law ਵਿੱਚ B.A. LL.B. ਅਤੇ LL.M. ਦੇ ਕੋਰਸ ਕਰਵਾਏ ਜਾਂਦੇ ਹਨ। ਖੇਤੀਬਾੜੀ ਫੈਕਲਟੀ ਵਿੱਚ B.Sc. (Hons.) Agriculture ਅਤੇ M.Sc. Agronomy, Food Science, Soil Science ਅਤੇ Horticulture ਵਰਗੇ ਪ੍ਰੋਗਰਾਮ ਵੀ ਵਿਦਿਆਰਥੀਆਂ ਲਈ ਉਪਲਬਧ ਹਨ। ਵੱਖ-ਵੱਖ ਵਿਸ਼ਿਆਂ ਵਿੱਚ ਉੱਚ ਪੱਧਰੀ ਸਿੱਖਿਆ ਲਈ ਪੀ.ਐੱਚ.ਡੀ. ਪੱਧਰ ਦੇ ਅਨੇਕਾਂ ਕੋਰਸ ਹਨ। ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਆਧੁਨਿਕ ਲੈਬੋਰਟਰੀਆਂ, ਕੇਂਦਰੀ ਲਾਇਬ੍ਰੇਰੀ, ਵੱਖਰੇ ਹੋਸਟਲ, ਵਾਈ-ਫਾਈ ਕੈਂਪਸ, ਖੇਡਾਂ ਅਤੇ ਜਿਮਨੇਜ਼ੀਅਮ, ਮੈਡੀਕਲ ਸਹੂਲਤਾਂ, ਕੈਂਟੀਨ, ਆਵਾਜਾਈ ਅਤੇ ਪਲੇਸਮੈਂਟ ਸਹੂਲਤਾਂ ਉਪਲਬਧ ਹਨ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਉਦੇਸ਼ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ ਵਿਦਿਆਰਥੀਆਂ ਨੂੰ ਹੁਨਰਮੰਦ ਅਤੇ ਰੁਜ਼ਗਾਰ-ਯੋਗ ਬਣਾਉਣਾ ਹੈ।