ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਪੰਜਾਬੀ ਸਭਿਆਚਾਰ ਦਾ ਪ੍ਰਤੀਕ 'ਤੀਆਂ ਰੰਗਲੇ ਪੰਜਾਬ ਦੀਆਂ' ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ।

Date:14/08/2026


Report


ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਪੰਜਾਬੀ ਸਭਿਆਚਾਰ ਦਾ ਪ੍ਰਤੀਕ 'ਤੀਆਂ ਰੰਗਲੇ ਪੰਜਾਬ ਦੀਆਂ' ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਪ੍ਰੋ. ਕੈਲਾਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁਰਮਤਿ ਸ਼ਬਦ ਗਾਇਨ ਨਾਲ ਕੀਤੀ। ਇਸ ਤੋਂ ਬਾਅਦ ਵਿਦਿਆਰਥਣਾਂ ਵੱਲੋਂ ਪੰਜਾਬੀ ਪਹਿਰਾਵੇ ਵਿੱਚ ਪੇਸ਼ ਕੀਤੇ ਸੱਭਿਆਚਾਰਕ ਤੇ ਲੋਕਧਾਰਾਈ ਗੀਤਾਂ ਅਤੇ ਗਿੱਧੇ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਵਿਦਿਆਰਥੀਆਂ ਦੀਆਂ ਕਲਾਤਮਕ ਯੋਗਤਾਵਾਂ ਨੂੰ ਪਰਖਣ ਲਈ ਮਹਿੰਦੀ, ਰੰਗੋਲੀ ਅਤੇ ਦਸਤਾਰਬੰਦੀ ਦੇ ਵਿਸ਼ੇਸ਼ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਦੇ ਕੈਂਪਸ ਵਿਚ ਵਿਦਿਆਰਥਣਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਫਰੂਟ ਸਟਾਲਾਂ ਲਗਾਈਆਂ ਗਈਆਂ। ਇਸ ਮੌਕੇ ਕੈਂਪਸ ਦੇ ਰੁੱਖਾਂ ਹੇਠ ਪੀਘਾਂ ਵੀ ਪਾਈਆਂ ਗਈਆਂ ਅਤੇ ਕੈਂਪਸ ਨੂੰ ਪੰਜਾਬੀ ਸਭਿਆਚਾਰਕ ਰੰਗਾਂ ਵਿੱਚ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਪਰੰਪਰਾਗਤ ਪੰਜਾਬੀ ਪਹਿਰਾਵੇ ਵਿੱਚ ਸਜ-ਧਜ ਕੇ ਪਹੁੰਚੀਆਂ।ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ-ਕੁਲਪਤੀ ਪ੍ਰੋ. ਪਲਵਿੰਦਰ ਸਿੰਘ ਜੀ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੀ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਮੇਲਿਆਂ-ਤਿਉਹਾਰਾਂ ਦੀ ਪਵਿੱਤਰ ਧਰਤੀ ਹੈ। ਸਾਡੇ ਹਰ ਤਿਉਹਾਰ,ਚਾਹੇ ਉਹ ਦਿਵਾਲੀ, ਵਿਸਾਖੀ, ਲੋਹੜੀ ਹੋਵੇ ਜਾਂ ਤੀਆਂ ਸਭ ਦਾ ਇੱਕ ਵਿਸ਼ੇਸ਼ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਿਰਫ਼ ਮਾਨਸੂਨ ਦੀਆਂ ਬਾਛੜਾਂ ਦਾ ਸਵਾਗਤ ਕਰਨ ਲਈ ਹੀ ਨਹੀਂ, ਬਲਕਿ ਸਾਡੇ ਅਮੀਰ ਪੰਜਾਬੀ ਵਿਰਸੇ, ਆਪਸੀ ਸਾਂਝ, ਧੀਆਂ ਦੇ ਆਦਰ-ਸਨਮਾਨ ਅਤੇ ਉਨ੍ਹਾਂ ਦੀ ਆਜ਼ਾਦ ਹਸਤੀ ਦਾ ਵੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਉਹੀ ਦੇਸ਼ ਵਿਸ਼ਵ ਵਿੱਚ ਸਿਖਰ 'ਤੇ ਹਨ ਜਿੱਥੇ ਧੀਆਂ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਖੇਤਰ ਵਿੱਚ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕੈਂਪਸ ਦੀਆਂ ਵਿਦਿਆਰਥਣਾਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੀਆਂ ਬੇਟੀਆਂ ਨਾ ਕੇਵਲ ਸੱਭਿਆਚਾਰਕ ਗਤੀਵਿਧੀਆਂ ਵਿੱਚ, ਬਲਕਿ ਪੜ੍ਹਾਈ ਦੇ ਖੇਤਰ ਵਿੱਚ ਵੀ ਮੋਹਰੀ ਰਹਿ ਕੇ ਨਵੇਂ ਮੁਕਾਮ ਕਾਇਮ ਕਰ ਰਹੀਆਂ ਹਨ। ਸਾਡੇ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਦੇ ਨਾਲ-ਨਾਲ ਆਪਣੇ ਅਮੀਰ ਵਿਰਸੇ 'ਤੇ ਮਾਣ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਸੰਭਾਲਣ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ।ਇਸ ਮੌਕੇ ਸ.ਅਮਰਜੀਤ ਸਿੰਘ,ਸ. ਕੁਲਵੰਤ ਸਿੰਘ,ਸ. ਜੋਗਿੰਦਰ ਸਿੰਘ ਅਜੜਾਮ,ਸਮਾਗਮ ਵਿਚ ਪਹੁੰਚੇ ਜੱਜ ਸਹਿਬਾਨ ਡਾ.ਜਸਬੀਰ ਕੌਰ,ਸ੍ਰੀਮਤੀ ਅਰਸ਼ਦੀਪ ਕੌਰ ਨੇ ਮੁੱਖ ਮਹਿਮਾਨਾਂ ਵੱਜੋਂ ਸ਼ਿਰਕਤ ਕੀਤੀ। ਅੰਤ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਈਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।