Date:06/08/2026
Report
ਪੂਜਨੀਕ ਸੰਤਾਂ ਦੇ ਆਸ਼ੀਰਵਾਦ ਨਾਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਖੇ ‘ਸਿੱਖ ਮਨੁੱਖੀ ਵਿਕਾਸ ਸੰਸਥਾ’ (ਯੂ.ਐੱਸ.ਏ) ਦੇ ਦਿੱਤੇ ਗਏ ਸਹਿਯੋਗ ਲਈ ਵਜ਼ੀਫ਼ਾ ਰਾਸ਼ੀ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਦੌਰਾਨ ‘ਸਿੱਖ ਮਨੁੱਖੀ ਵਿਕਾਸ ਸੰਸਥਾ’ (ਯੂ.ਐੱਸ.ਏ) ਦੇ ਐਗਜ਼ਿਕਿਊਟਿਵ ਡਾਇਰੈਕਟਰ (ਭਾਰਤ) ਸ. ਗੁਰਬੀਰ ਸਿੰਘ ਬਰਾੜ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਯੂਨੀਵਰਸਿਟੀ ਦੇ 105 ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਲਗਭਗ 35 ਲੱਖ ਰੁਪਏ ਦੀ ਵਜ਼ੀਫ਼ਾ ਰਾਸ਼ੀ ਪ੍ਰਦਾਨ ਕੀਤੀ । ਇਸ ਮੌਕੇ ਯੂਨੀਵਰਸਿਟੀ ਦੇ ਕੁਲਪਤੀ ਸਤਿਕਾਰਯੋਗ ਸੰਤ ਬਾਬਾ ਮਨਮੋਹਨ ਸਿੰਘ ਜੀ ਅਤੇ ਹੋਰ ਵੀ ਅਕਾਦਮਿਕ ਸ਼ਖ਼ਸ਼ੀਅਤਾਂ ਹਾਜ਼ਰ ਸਨ। ਉਪ ਕੁਲਪਤੀ ਪ੍ਰੋ. ਪਲਵਿੰਦਰ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਉਹ ਧਨ ਹੈ ਜੋ ਇੱਕ ਵਿਅਕਤੀ ਦਾ ਜੀਵਨ ਸੰਵਾਰਦੀ ਹੈ । ਜਿਸ ਨਾਲ ਆਉਣ ਵਾਲੀਆਂ ਪੀੜੀਆਂ ਲਈ ਵੀ ਤਰੱਕੀ ਦਾ ਰਾਹ ਖੁੱਲਦਾ ਹੈ । ਉਨ੍ਹਾਂ ਕਿਹਾ ਕਿ ਵਿਦਿਆ ਵਿੱਚ ਕੀਤਾ ਗਿਆ ਨਿਵੇਸ਼ ਸਮਾਜ ਦੇ ਭਵਿੱਖ ਵਿੱਚ ਕੀਤਾ ਗਿਆ ਨਿਵੇਸ਼ ਹੈ। ਉਨ੍ਹਾਂ ਸ.ਗੁਰਬੀਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਵਜ਼ੀਫ਼ਾ ਪ੍ਰਦਾਨ ਕਰਨ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਿਰਫ਼ ਵਿੱਤੀ ਸਹਾਇਤਾ ਨਹੀਂ ਸਗੋਂ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਵਾਲੀ ਪ੍ਰੇਰਣਾ ਹੈ। ਉਨ੍ਹਾਂ ਸਮਰੱਥ ਵਰਗ ਨੂੰ ਵੀ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਲੋੜ ਵਿਸ਼ਵ ਪੱਧਰੀ ਸਿੱਖਿਆ ਹੈ ਅਤੇ ਇਸ ਮਿਸ਼ਨ ਨੂੰ ਸਾਕਾਰ ਕਰਨ ਲਈ ਸਮੂਹ ਸਮਾਜ ਦੇ ਸਾਂਝੇ ਯਤਨ ਅਤਿ ਜ਼ਰੂਰੀ ਹਨ। ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਇਸ ਸਹਾਇਤਾ ਨੂੰ ਸਿਰਫ਼ ਆਰਥਿਕ ਪੱਖ ਤੋਂ ਨਾ ਦੇਖਣ, ਸਗੋਂ ਇਸ ਦੇ ਪਿੱਛੇ ਛੁਪੀ ਸੇਵਾ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਸਮਝਦਿਆਂ ਹੋਰ ਵੱਧ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨਾਲ ਆਪਣੀ ਪੜ੍ਹਾਈ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਅੱਜ ਦੇ ਇਹ ਵਿਦਿਆਰਥੀ ਹੀ ਭਵਿੱਖ ਵਿੱਚ ਸਮਾਜ ਅਤੇ ਦੇਸ਼ ਦੇ ਨਿਰਮਾਤਾ ਬਣਨਗੇ ਅਤੇ ਹੋਰਨਾਂ ਲਈ ਪ੍ਰੇਰਣਾ ਸਰੋਤ ਸਾਬਤ ਹੋਣਗੇ। ਇਸ ਮੌਕੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਵਿਭਾਗ ਮੁਖੀ, ਫੈਕਲਟੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।