ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ

SANT BABA BHAG SINGH UNIVERSITY

Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਲੋਂ ਪ੍ਰਸਤੁਤ ਪਾਠਕ੍ਰਮ ਵਿੱਚ ‘ਨਿਰਮਲ ਸੰਪਰਦਾ: ਸਿਧਾਂਤ, ਇਤਿਹਾਸ ਅਤੇ ਦਰਸ਼ਨ’ ਵਿਸ਼ਾ ਸ਼ਾਮਲ

Date:18/09/2026


Report


ਭਾਰਤ ਨੂੰ ਅਕਸਰ "ਗਿਆਨ ਦੀ ਧਰਤੀ" ਕਿਹਾ ਜਾਂਦਾ ਹੈ। ਇਹ ਵਿਸ਼ੇਸ਼ਣ ਸਿਰਫ਼ ਇਤਿਹਾਸਕ ਗੌਰਵ ਦਾ ਪ੍ਰਤੀਕ ਨਹੀਂ, ਸਗੋਂ ਉਸ ਵਿਸ਼ਾਲ ਬੌਧਿਕ ਪਰੰਪਰਾ ਦੀ ਪਛਾਣ ਹੈ ਜਿਸ ਨੇ ਮਨੁੱਖੀ ਜੀਵਨ ਨੂੰ ਗਿਆਨ, ਨੈਤਿਕਤਾ, ਅਧਿਆਤਮਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਸੂਤਰ ਵਿਚ ਜੋੜਿਆ। ਅੱਜ ਜਦੋਂ ਦੇਸ਼ ਰਾਸ਼ਟਰੀ ਸਿੱਖਿਆ ਨੀਤੀ–2020 ਰਾਹੀਂ ਭਾਰਤੀ ਗਿਆਨ ਪ੍ਰਣਾਲੀ ਨੂੰ ਸਿੱਖਿਆ ਦੇ ਕੇਂਦਰ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਇਹ ਉਚਿਤ ਸਮਾਂ ਹੈ ਕਿ ਅਸੀਂ ਉਨ੍ਹਾਂ ਪਰੰਪਰਾਵਾਂ ਨੂੰ ਵੀ ਨਵੇਂ ਸਿਰੇ ਨਾਲ ਸਮਝੀਏ ਜਿਨ੍ਹਾਂ ਨੇ ਇਸ ਗਿਆਨ-ਧਾਰਾ ਨੂੰ ਸਦੀਆਂ ਤਕ ਜੀਵੰਤ ਰੱਖਿਆ। ਨਿਰਮਲ ਸੰਪਰਦਾ ਅਜਿਹੀ ਹੀ ਇੱਕ ਵਿਲੱਖਣ ਅਤੇ ਪ੍ਰਭਾਵਸ਼ਾਲੀ ਪਰੰਪਰਾ ਹੈ।
ਨਿਰਮਲ ਸੰਪਰਦਾ ਭਾਰਤੀ ਗਿਆਨ-ਪਰੰਪਰਾ ਦੀ ਉਹ ਅਨਮੋਲ ਕੜੀ ਹੈ, ਜਿਸ ਦੇ ਬੌਧਿਕ ਅਤੇ ਸੱਭਿਆਚਾਰਕ ਯੋਗਦਾਨ ਨੂੰ ਅਜੇ ਵੀ ਸੰਪੂਰਨ ਅਕਾਦਮਿਕ ਧਿਆਨ ਨਹੀਂ ਮਿਲਿਆ। ਇਸ ਦੇ ਹੱਥ-ਲਿਖਤ ਗ੍ਰੰਥ ਸਿਰਫ਼ ਧਾਰਮਿਕ ਵਿਰਾਸਤ ਨਹੀਂ, ਸਗੋਂ ਭਾਸ਼ਾ, ਦਰਸ਼ਨ ਅਤੇ ਭਾਰਤੀ ਗਿਆਨ ਪ੍ਰਣਾਲੀ ਦੇ ਅਧਿਐਨ ਲਈ ਅਮੁੱਲ ਸਰੋਤ ਹਨ। ਰਾਸ਼ਟਰੀ ਸਿੱਖਿਆ ਨੀਤੀ–2020 ਦੇ ਪ੍ਰਸੰਗ ਵਿਚ ਇਨ੍ਹਾਂ ਗ੍ਰੰਥਾਂ ਦੇ ਡਿਜ਼ੀਟਲੀਕਰਨ, ਸੰਪਾਦਨ, ਅਨੁਵਾਦ ਅਤੇ ਖੋਜ ਨੂੰ ਨਵੀਂ ਦਿਸ਼ਾ ਦੇਣੀ ਲਾਜ਼ਮੀ ਹੈ। ਯੂਨੀਵਰਸਿਟੀਆਂ,ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਭਾਰਤੀ ਗਿਆਨ ਪ੍ਰਣਾਲੀ ਦੇ ਵਿਸ਼ੇਸ਼ ਅਧਿਐਨ ਕੇਂਦਰ ਸਥਾਪਿਤ ਕਰਨਾ ਸਮੇਂ ਦੀ ਮੰਗ ਹੈ। ਇਨ੍ਹਾਂ ਕੇਂਦਰਾਂ ਵਿਚ ਵੇਦ-ਵੇਦਾਂਤ, ਉਪਨਿਸ਼ਦ, ਭਾਰਤੀ ਦਰਸ਼ਨ, ਯੋਗ, ਆਯੁਰਵੇਦ, ਭਾਸ਼ਾ-ਵਿਗਿਆਨ, ਸਾਹਿਤ ਅਤੇ ਗੁਰਮਤਿ ਗਿਆਨ-ਪਰੰਪਰਾ ਵਰਗੇ ਵਿਭਿੰਨ ਗਿਆਨ-ਖੇਤਰਾਂ ਦਾ ਅੰਤਰ-ਵਿਭਾਗੀ ਅਧਿਐਨ ਕੀਤਾ ਜਾ ਸਕਦਾ ਹੈ। ਆਪਣੀ ਗਿਆਨ-ਵਿਰਾਸਤ ਨੂੰ ਆਧੁਨਿਕ ਸਿੱਖਿਆ ਅਤੇ ਖੋਜ ਨਾਲ ਜੋੜ ਕੇ ਹੀ ਅਸੀਂ ਅਤੀਤ ਦੀ ਅਨਮੋਲ ਧਰੋਹਰ ਨੂੰ ਭਵਿੱਖ ਦੀ ਬੌਧਿਕ ਸ਼ਕਤੀ ਵਿਚ ਬਦਲ ਸਕਦੇ ਹਾਂ।
ਭਾਰਤ ਦੀ ਪ੍ਰਾਚੀਨ ਗਿਆਨ-ਪਰੰਪਰਾ, ਸੱਭਿਆਚਾਰਕ ਵਿਰਾਸਤ ਅਤੇ ਦੇਸੀ ਗਿਆਨ-ਪ੍ਰਣਾਲੀਆਂ ਨੂੰ ਆਧੁਨਿਕ ਸਿੱਖਿਆ ਨਾਲ ਜੋੜਨ ਦੇ ਉਦੇਸ਼ ਨਾਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ , ਖਿਆਲਾ, ਜਲੰਧਰ ਵਲੋਂ ਇੱਕ ਮਹੱਤਵਪੂਰਨ ਅਕਾਦਮਿਕ ਪਹਿਲ ਕੀਤੀ ਗਈ ਹੈ। ਰਾਸ਼ਟਰੀ ਸਿੱਖਿਆ ਨੀਤੀ (NEP-2020) ਦੀਆਂ ਭਾਵਨਾਵਾਂ ਅਤੇ ਭਾਰਤੀ ਗਿਆਨ ਪ੍ਰਣਾਲੀ ਦੇ ਉਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਯੂਨੀਵਰਸਿਟੀ ਵਲੋਂ ‘ਨਿਰਮਲ ਸੰਪਰਦਾ : ਸਿਧਾਂਤ, ਇਤਿਹਾਸ ਅਤੇ ਦਰਸ਼ਨ’ ਵਿਸ਼ੇ ਨੂੰ IKS ਦੇ ਅੰਤਰਗਤ ਸਿਲੇਬਸ ਵਿਚ ਸ਼ਾਮਲ ਕਰਕੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਇਸ ਪਾਠਕ੍ਰਮ ਅਧੀਨ ਵਿਦਿਆਰਥੀਆਂ ਨੂੰ ਨਿਰਮਲ ਪੰਥ, ਇਸ ਦੇ ਆਰੰਭ ਅਤੇ ਵਿਕਾਸ, ਮੁੱਖ ਸਿਧਾਂਤ ਤੇ ਲੱਛਣ, ਨਿਰਮਲ ਰਹਿਣੀ ਅਤੇ ਡੇਰਾ-ਪ੍ਰਬੰਧ ਨਾਲ ਜਾਣੂ ਕਰਵਾਇਆ ਜਾਵੇਗਾ। ਇਸ ਦੇ ਨਾਲ ਨਿਰਮਲ ਸੰਪਰਦਾ ਦੇ ਇਤਿਹਾਸ, ਸਾਹਿਤ, ਦਰਸ਼ਨ, ਸਿਧਾਂਤ ਅਤੇ ਅਨੁਸ਼ਾਸਨ ਦਾ ਵਿਸਤ੍ਰਿਤ ਅਧਿਐਨ ਕਰਵਾਇਆ ਜਾਵੇਗਾ। ਆਧੁਨਿਕ ਸਮੇਂ ਵਿੱਚ ਨਿਰਮਲ ਸੰਪਰਦਾ ਦੀ ਭੂਮਿਕਾ, ਪ੍ਰਸੰਗਿਕਤਾ ਅਤੇ ਚੁਣੌਤੀਆਂ ਨੂੰ ਵੀ ਵਿਚਾਰਿਆ ਜਾਵੇਗਾ। ਇਸ ਪਾਠਕ੍ਰਮ ਦੇ ਵਿਸ਼ੇਸ਼ ਭਾਗ ਵਜੋਂ ਡੇਰਾ ਸੰਤਪੁਰਾ ਜੱਬੜ੍ਹ ਦੇ ਨਿਰਮਲ ਸੰਪਰਦਾ ਨਾਲ ਸੰਬੰਧ, ਸਿਧਾਂਤਕ ਅਤੇ ਦਾਰਸ਼ਨਿਕ ਮਹੱਤਵ, ਸੰਪਰਦਾ ਵਿੱਚ ਸਥਾਨ, ਸਮਾਜਿਕ-ਸਭਿਆਚਾਰਕ ਭੂਮਿਕਾ ਅਤੇ ਇਤਿਹਾਸ ਤੇ ਵਿਕਾਸ ਦਾ ਅਧਿਐਨ ਕਰਵਾਇਆ ਜਾਵੇਗਾ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਨਿਰਮਲ ਸੰਪਰਦਾ ਦੀ ਇਤਿਹਾਸਕ, ਵਿਚਾਰਧਾਰਕ, ਸਾਹਿਤਕ, ਦਾਰਸ਼ਨਿਕ ਅਤੇ ਸਮਾਜਿਕ-ਸਭਿਆਚਾਰਕ ਵਿਰਾਸਤ ਦੀ ਸਮੁੱਚੀ ਜਾਣਕਾਰੀ ਪ੍ਰਾਪਤ ਹੋਵੇਗੀ।
ਇਹ ਪਹਿਲ ਪੰਜਾਬ ਦੀ ਅਮੀਰ ਅਧਿਆਤਮਿਕ, ਸੱਭਿਆਚਾਰਕ ਅਤੇ ਬੌਧਿਕ ਵਿਰਾਸਤ ਨੂੰ ਅਕਾਦਮਿਕ ਪੱਧਰ ’ਤੇ ਸਮਝਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ। ਨਿਰਮਲ ਸੰਪਰਦਾ ਸਿੱਖ ਧਾਰਮਿਕ ਅਤੇ ਭਾਰਤੀ ਗਿਆਨ-ਪਰੰਪਰਾ ਦੇ ਅਜਿਹੇ ਮਹੱਤਵਪੂਰਨ ਅਧਿਆਇ ਨਾਲ ਸੰਬੰਧਿਤ ਹੈ, ਜਿਸ ਵਿਚ ਵੇਦਾਂਤ, ਗੁਰਮਤਿ, ਸ਼ਾਸਤਰੀ ਗਿਆਨ, ਸੰਸਕ੍ਰਿਤ ਅਧਿਐਨ, ਆਤਮਿਕ ਸਾਧਨਾ ਅਤੇ ਨੈਤਿਕ ਜੀਵਨ-ਮੁੱਲਾਂ ਦਾ ਵਿਲੱਖਣ ਸੁਮੇਲ ਦਿਖਾਈ ਦਿੰਦਾ ਹੈ।
ਅੱਜ ਦੇ ਗਲੋਬਲ ਯੁੱਗ ਵਿਚ ਨੌਜਵਾਨ ਪੀੜ੍ਹੀ ਲਈ ਆਪਣੀ ਭਾਸ਼ਾ, ਸੱਭਿਆਚਾਰ, ਇਤਿਹਾਸ ਅਤੇ ਗਿਆਨ-ਵਿਰਾਸਤ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਨਿਰਮਲ ਸੰਪਰਦਾ ਦੇ ਅਧਿਐਨ ਰਾਹੀਂ ਵਿਦਿਆਰਥੀਆਂ ਨੂੰ ਇਹ ਸਮਝਣ ਦਾ ਮੌਕਾ ਮਿਲਦਾ ਹੈ ਕਿ ਭਾਰਤੀ ਗਿਆਨ-ਪਰੰਪਰਾ ਸਿਰਫ਼ ਪੁਰਾਤਨ ਗ੍ਰੰਥਾਂ ਤੱਕ ਸੀਮਿਤ ਨਹੀਂ, ਬਲਕਿ ਇਸ ਵਿਚ ਮਨੁੱਖੀ ਮੁੱਲਾਂ, ਨੈਤਿਕਤਾ, ਆਤਮ-ਅਨੁਸ਼ਾਸਨ, ਸਹਿਣਸ਼ੀਲਤਾ, ਗਿਆਨ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਅਜਿਹੇ ਤੱਤ ਮੌਜੂਦ ਹਨ ਜੋ ਅੱਜ ਵੀ ਪ੍ਰਸੰਗਿਕ ਹਨ।
ਇਹ ਪਾਠਕ੍ਰਮ ਵਿਦਿਆਰਥੀਆਂ ਵਿਚ ਖੋਜ-ਚੇਤਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਸਥਾਨਕ ਅਤੇ ਖੇਤਰੀ ਵਿਰਾਸਤ ਨੂੰ ਵਿਗਿਆਨਕ ਅਤੇ ਆਲੋਚਨਾਤਮਕ ਦ੍ਰਿਸ਼ਟੀ ਨਾਲ ਸਮਝਣ ਲਈ ਵੀ ਪ੍ਰੇਰਿਤ ਕਰਦਾ ਹੈ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਲੋਂ IKS ਦੇ ਅੰਤਰਗਤ ਨਿਰਮਲ ਸੰਪਰਦਾ ਨੂੰ ਸਿਲੇਬਸ ਦਾ ਹਿੱਸਾ ਬਣਾਉਣਾ ਪੰਜਾਬ ਦੀ ਅਧਿਆਤਮਿਕ ਅਤੇ ਬੌਧਿਕ ਵਿਰਾਸਤ ਨੂੰ ਅਕਾਦਮਿਕ ਮੰਚ ’ਤੇ ਸਥਾਪਿਤ ਕਰਨ ਵੱਲ ਇੱਕ ਸਾਰਥਕ ਉਪਰਾਲਾ ਹੈ। ਇਹ ਪਹਿਲ NEP-2020 ਦੇ ‘ਭਾਰਤੀਅਤਾ ਨਾਲ ਜੁੜੀ, ਮੁੱਲ-ਆਧਾਰਿਤ ਅਤੇ ਸਮੁੱਚੀ ਸਿੱਖਿਆ’ ਦੇ ਵਿਸ਼ਾਲ ਉਦੇਸ਼ਾਂ ਨਾਲ ਵੀ ਸਾਂਝ ਪਾਉਂਦੀ ਹੈ।
ਇਸ ਤਰ੍ਹਾਂ ਨਿਰਮਲ ਸੰਪਰਦਾ ਦਾ ਅਧਿਐਨ ਵਿਦਿਆਰਥੀਆਂ ਨੂੰ ਅਤੀਤ ਨਾਲ ਜੋੜਨ ਦੇ ਨਾਲ-ਨਾਲ ਵਰਤਮਾਨ ਨੂੰ ਸਮਝਣ ਅਤੇ ਭਵਿੱਖ ਨੂੰ ਮੁੱਲ-ਆਧਾਰਿਤ ਦਿਸ਼ਾ ਦੇਣ ਵਿਚ ਵੀ ਸਹਾਇਕ ਹੋ ਸਕਦਾ ਹੈ। ਯੂਨੀਵਰਸਿਟੀ ਦੀ ਇਹ ਪਹਿਲ ਪੰਜਾਬ ਦੀ ਵਿਲੱਖਣ ਗਿਆਨ-ਪਰੰਪਰਾ ਨੂੰ ਸਿੱਖਿਆ ਦੇ ਮੁੱਖ ਧਾਰਾ ਨਾਲ ਜੋੜਨ ਅਤੇ ‘ਵਿਰਾਸਤ ਤੋਂ ਗਿਆਨ ਅਤੇ ਗਿਆਨ ਤੋਂ ਭਵਿੱਖ’ ਦੀ ਸੋਚ ਨੂੰ ਮਜ਼ਬੂਤ ਕਰਨ ਵਾਲਾ ਮਹੱਤਵਪੂਰਨ ਕਦਮ ਹੈ।