Date: 31/10/2026
Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ (ਜਲੰਧਰ) ਵਿਖੇ 'ਸਾਡਾ ਵਿਰਸਾ ਸਾਡੀ ਪਛਾਣ' ਵਿਸ਼ੇ ਅਧੀਨ ਦੋ ਦਿਨਾਂ 'ਯੁਵਕ ਮੇਲਾ 2026' ਸਫਲਤਾਪੂਰਵਕ ਸੰਪੰਨ ਹੋਇਆ। ਸਮਾਗਮ ਦੇ ਦੂਜੇ ਦਿਨ ਸ.ਪਰਮਪ੍ਰੀਤ ਸਿੰਘ ਸੈਣੀ ਐਸ.ਡੀ.ਐਮ,ਹੁਸ਼ਿਆਰਪੁਰ,ਚੰਦਰ ਪ੍ਰਕਾਸ਼ ਸਿੰਘ ਜੀ ਅਤੇ ਸ਼੍ਰੀ ਦਲਜੀਤ ਸਿੰਘ ਖੱਖ (ਪੀ.ਪੀ.ਐਸ., ਕਪਤਾਨ ਪੁਲਿਸ ਹੁਸ਼ਿਆਰਪੁਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਪਲਵਿੰਦਰ ਸਿੰਘ ਜੀ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਦਾ ਮਜ਼ਬੂਤ ਆਧਾਰ ਬਣਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਆਪਣੀਆਂ ਜੜ੍ਹਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਉੱਥੇ ਅਜਿਹੇ ਵਿਰਾਸਤੀ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਵਿਰਾਸਤ ਨਾਲ ਜੋੜਨ ਵਿੱਚ ਬਹੁੱਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਪ ਕੁਲਪਤੀ ਨੇ ਸਾਰੇ ਜੇਤੂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮਾਗਮ ਦੇ ਸਫਲ ਆਯੋਜਨ ਲਈ ਪ੍ਰਬੰਧਕੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਦੂਜੇ ਦਿਨ ਮੁੱਖ ਸਟੇਜ 'ਤੇ ਮਾਈਮ, ਸਕਿਟ, ਲੇਡੀਜ਼ ਪਰੰਪਰਾਗਤ ਗੀਤ, ਪਹਿਰਾਵੇ ਦੇ ਨਾਲ-ਨਾਲ ਪੰਜਾਬ ਦੇ ਲੋਕ ਨਾਚ ਗਿੱਧਾ ਅਤੇ ਭੰਗੜੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਪੰਜਾਬੀ ਵਿਰਸੇ ਨਾਲ ਸਬੰਧਤ ਪਰੰਪਰਾਗਤ ਕਲਾਵਾਂ ਦੇ ਮੁਕਾਬਲੇ ਵੀ ਕਰਵਾਏ ਗਏ। ਸੈਮੀਨਾਰ ਹਾਲ ਵਿੱਚ ਸਵੇਰ ਦੇ ਸੈਸ਼ਨ ਦੌਰਾਨ ਗੁੱਡੀਆਂ ਪਟੋਲੇ, ਪਰਾਂਦਾ, ਨਾਲਾ, ਪੀੜ੍ਹੀ, ਖਿੱਦੋ ਅਤੇ ਮਿੱਟੀ ਦੇ ਖਿਡੌਣੇ ਬਣਾਉਣ ਦੇ ਮੁਕਾਬਲੇ ਆਯੋਜਿਤ ਕੀਤੇ ਗਏ। ਦੁਪਹਿਰ ਤੋਂ ਬਾਅਦ ਫੁਲਕਾਰੀ, ਮਹਿੰਦੀ, ਬਾਗ, ਪੱਖੀ ਬੁਣਾਈ,ਕਰੋਸ਼ੀਆ ਅਤੇ ਦਸੂਤੀ ਵਰਗੇ ਲੋਕ-ਕਲਾ ਨਾਲ ਜੁੜੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਹੱਥ-ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਭਾਸ਼ਾ ਲੈਬ ਵਿੱਚ ਵਿਰਸਾਤੀ ਪ੍ਰਸ਼ਨੋਤਰੀ ਮੁਕਾਬਲਾ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਦੇ ਪੰਜਾਬੀ ਇਤਿਹਾਸ, ਸਾਹਿਤ ਅਤੇ ਵਿਰਸੇ ਨਾਲ ਸਬੰਧਤ ਗਿਆਨ ਦੀ ਪਰਖ ਕੀਤੀ ਗਈ। ਇਸ ਮੌਕੇ ਸੰਤ ਸਰਵਣ ਸਿੰਘ ਜੀ, ਬਾਬਾ ਜਨਕ ਸਿੰਘ ਜੀ ਯੂਨੀਵਰਸਿਟੀ ਦੇ ਚਾਂਸਲਰ ਸੰਤ ਮਨਮੋਹਨ ਸਿੰਘ ਜੀ, ਸੋਸਾਇਟੀ ਮੈਂਬਰ, ਮੀਡੀਆ,ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ। ਸਮਾਗਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।