Date: 30/10/2026
Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ (ਜਲੰਧਰ) ਵਿਖੇ 'ਸਾਡਾ ਵਿਰਸਾ ਸਾਡੀ ਪਛਾਣ' ਵਿਸ਼ੇ ਅਧੀਨ ਦੋ ਦਿਨਾਂ 'ਯੁਵਕ ਮੇਲਾ 2026' ਦਾ ਪਹਿਲਾ ਦਿਨ ਪੂਰੇ ਉਤਸ਼ਾਹ, ਧੂਮਧਾਮ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਸਮਾਗਮ ਦੇ ਪਹਿਲੇ ਦਿਨ ਆਈ.ਏ.ਐਸ. ਅਧਿਕਾਰੀ ਸ. ਗੁਰਕੰਵਲ ਸਿੰਘ ਜੀ ਅਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਸੁਖਮਿੰਦਰ ਕੌਰ (ਸੁਖੀ ਬਰਾੜ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਡਾ. ਪਲਵਿੰਦਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ,ਪ੍ਰੋਫੈਸਰ ਸਾਹਿਬਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਗਮ ਨਾ ਕੇਵਲ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਉਭਾਰਨ ਦਾ ਮੌਕਾ ਦਿੰਦੇ ਹਨ, ਸਗੋਂ ਉਨ੍ਹਾਂ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਵੀ ਜੋੜਦੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਸਟੇਜ 'ਤੇ ਧਾਰਮਿਕ ਸ਼ਬਦ ਗਾਇਨ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਗੀਤ, ਗ਼ਜ਼ਲ, ਲੁੱਡੀ, ਸਮੂਹ ਗਾਨ, ਕਾਵਿਸ਼ਰੀ, ਲੋਕ ਗੀਤ ਅਤੇ ਜਨਰਲ ਡਾਂਸ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਪ੍ਰਸਤੂਤ ਕੀਤੀਆਂ। ਇਸ ਦੇ ਨਾਲ ਹੀ ਸੈਮੀਨਾਰ ਹਾਲ ਵਿੱਚ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਬਹਿਸ ਅਤੇ ਭਾਸ਼ਣ ਵਰਗੇ ਗੰਭੀਰ ਵਿਸ਼ਿਆਂ 'ਤੇ ਮੁਕਾਬਲੇ ਕਰਵਾਏ ਗਏ। ਓਪਨ ਏਰੀਆ ਵਿੱਚ ਵਿਦਿਆਰਥੀਆਂ ਦੀ ਕਲਾਤਮਕ ਸੂਝ-ਬੂਝ ਨੂੰ ਪਰਖਣ ਲਈ ਓਨ ਦੀ ਸਪੋਟ ਪੇਂਟਿੰਗ, ਫੋਟੋਗ੍ਰਾਫੀ, ਰੰਗੋਲੀ, ਕਾਲਾਜ ਮੇਕਿੰਗ, ਕਾਰਟੂਨਿੰਗ, ਪੋਸਟਰ ਮੇਕਿੰਗ ਅਤੇ ਸਟਿਲ ਲਾਈਫ ਵਰਗੀਆਂ ਵੱਖ-ਵੱਖ ਪ੍ਰਤੀਯੋਗਤਾਵਾਂ ਆਯੋਜਿਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕਾਨਫਰੰਸ ਹਾਲ ਵਿੱਚ ਸਿਰਜਣਾਤਮਕ ਲੇਖਣ ਅਤੇ ਸੁੰਦਰ ਹੱਥ-ਲਿਖਤ ਮੁਕਾਬਲਿਆਂ ਵਿੱਚ ਵੀ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਕਲਾ ਅਤੇ ਉਤਸ਼ਾਹ ਦੀ ਭਰਪੂਰ ਪ੍ਰਸ਼ੰਸਾ ਕੀਤੀ।ਇਸ ਮੌਕੇ ਸੰਤ ਸਰਵਣ ਸਿੰਘ ਜੀ, ਬਾਬਾ ਜਨਕ ਸਿੰਘ ਜੀ ਯੂਨੀਵਰਸਿਟੀ ਦੇ ਚਾਂਸਲਰ ਸੰਤ ਮਨਮੋਹਨ ਸਿੰਘ ਜੀ, ਵਾਈਸ ਚਾਂਸਲਰ, ਓ.ਐਸ.ਡੀ. ਸ. ਅਰਬਿੰਦ ਸਿੰਘ ਧੂਤ, ਰਜਿਸਟਰਾਰ, ਡੀਨ ਅਕਾਦਮਿਕ, ਡਿਪਟੀ ਡਾਇਰੈਕਟਰ ਡਾ.ਸ਼ਾਇਨਾ ਪਰਮਾਰ ਮੁੱਖ ਪ੍ਰਬੰਧਕ ਯੂਥ ਫੈਸਟੀਵਲ, ਵੱਖ-ਵੱਖ ਵਿਭਾਗਾਂ ਦੇ ਡੀਨ, ਪ੍ਰਿੰਸੀਪਲ, ਸੋਸਾਇਟੀ ਮੈਂਬਰ, ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ। ਡਾ.ਅਨੀਤਾ ਰਾਣੀ ਡਾ. ਹਰਦੇਵ ਕੌਰ ਅਤੇ ਓਮ ਪ੍ਰਕਾਸ਼ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।