Date: 18/11/2026
Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸੰਤ ਬਾਬਾ ਮਲਕੀਤ ਸਿੰਘ ਮੈਮੋਰੀਅਲ ਚੇਅਰ ਦੇ ਵਿਸ਼ੇਸ਼ ਉਪਰਾਲੇ ਸਦਕਾ ‘ਡੇਰਾ ਸੰਤਪੁਰਾ ਜੱਬੜ ਅਤੇ ਨਿਰਮਲਾ ਸੰਪਰਦਾ: ਵਿਚਾਰਧਾਰਾ ਤੇ ਇਤਿਹਾਸ’ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਵਿੱਚ ਨਿਰਮਲਾ ਸੰਪਰਦਾ ਦੇ ਗੌਰਵਮਈ ਇਤਿਹਾਸ, ਦਾਰਸ਼ਨਿਕ ਵਿਚਾਰਧਾਰਾ, ਧਾਰਮਿਕ ਅਤੇ ਬੌਧਿਕ ਪਰੰਪਰਾਵਾਂ ਦੇ ਨਾਲ-ਨਾਲ ਡੇਰਾ ਸੰਤਪੁਰਾ ਜੱਬੜ੍ਹ ਦੇ ਇਤਿਹਾਸਕ, ਸਮਾਜਿਕ ਅਤੇ ਅਧਿਆਤਮਕ ਯੋਗਦਾਨ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ।ਪੁਸਤਕ ਰਾਹੀਂ ਨਿਰਮਲਾ ਸੰਪਰਦਾ ਦੀ ਮਹਾਨ ਗਿਆਨ ਪਰੰਪਰਾ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਨੇ ਸਿੱਖ ਧਰਮ ਦੇ ਧਾਰਮਿਕ, ਸਾਹਿਤਕ, ਦਾਰਸ਼ਨਿਕ ਅਤੇ ਵਿਦਿਅਕ ਖੇਤਰਾਂ ਵਿੱਚ ਬੁਨਿਆਦੀ ਅਤੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਖੋਜ ਭਰਪੂਰ ਪੁਸਤਕ ਦਾ ਸੰਪਾਦਨ ਸੰਤ ਬਾਬਾ ਮਲਕੀਤ ਸਿੰਘ ਮੈਮੋਰੀਅਲ ਚੇਅਰ ਫੈਲੋ ਡਾ. ਅਨੀਤਾ ਰਾਣੀ ਅਤੇ ਡਾ. ਹਰਪ੍ਰੀਤ ਸਿੰਘ ਵੱਲੋਂ ਬੜੀ ਮਿਹਨਤ ਅਤੇ ਲਗਨ ਨਾਲ ਕੀਤਾ ਗਿਆ ਹੈ। ਇਸ ਵਿੱਚ ਵੱਖ-ਵੱਖ ਵਿਦਵਾਨਾਂ ਦੇ ਖੋਜ ਪੱਤਰਾਂ ਰਾਹੀਂ ਸੰਪਰਦਾ ਦੇ ਇਤਿਹਾਸਕ ਪਿਛੋਕੜ ਅਤੇ ਸਮਾਜ ਸੁਧਾਰਕ ਕਾਰਜਾਂ 'ਤੇ ਵੀ ਚਾਨਣਾ ਪਾਇਆ ਗਿਆ ਹੈ।ਯੂਨੀਵਰਸਿਟੀ ਦੇ ਕੁਲਪਤੀ ਸੰਤ ਬਾਬਾ ਮਨਮੋਹਨ ਸਿੰਘ ਜੀ ਨੇ ਇਸ ਅਹਿਮ ਖੋਜ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅਕਾਦਮਿਕ, ਸਾਹਿਤਕ ਅਤੇ ਇਤਿਹਾਸਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਨੇ ਇਸ ਕਾਰਜ ਨੂੰ ਪੰਜਾਬ ਦੀ ਅਮੀਰ ਧਾਰਮਿਕ, ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵੱਲ ਇੱਕ ਮੀਲ-ਪੱਥਰ ਦੱਸਿਆ। ਉਨ੍ਹਾਂ ਸੰਪਾਦਕੀ ਟੀਮ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਸਾਰਥਕ ਉਪਰਾਲੇ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਪ-ਕੁਲਪਤੀ ਪ੍ਰੋ. (ਡਾ.) ਪਲਵਿੰਦਰ ਸਿੰਘ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਖੋਜ ਭਰਪੂਰ ਕਾਰਜ ਸਾਡੀ ਇਤਿਹਾਸਕ ਵਿਰਾਸਤ, ਧਾਰਮਿਕ ਪਰੰਪਰਾਵਾਂ ਅਤੇ ਸੱਭਿਆਚਾਰਕ ਪਛਾਣ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਸਿਰਫ਼ ਇਤਿਹਾਸਕ ਤੱਥਾਂ ਦਾ ਸੰਗ੍ਰਹਿ ਹੀ ਨਹੀਂ, ਸਗੋਂ ਨਿਰਮਲਾ ਸੰਪਰਦਾ ਦੀ ਗਿਆਨ ਸਾਧਨਾ, ਅਧਿਆਤਮਕ ਚਿੰਤਨ ਅਤੇ ਸਾਹਿਤਕ ਵਿਰਾਸਤ ਨੂੰ ਡੂੰਘਾਈ ਨਾਲ ਸਮਝਣ ਦਾ ਇੱਕ ਪ੍ਰਮਾਣਿਕ ਸਰੋਤ ਵੀ ਹੈ, ਜੋ ਖੋਜਾਰਥੀਆਂ ਅਤੇ ਪਾਠਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ।ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਸਾਹਿਬਾਨ, ਖੋਜਾਰਥੀ ਅਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਰੋਹ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਪੁਸਤਕ ਦੀ ਰਚਨਾ, ਸੰਪਾਦਨ ਅਤੇ ਪ੍ਰਕਾਸ਼ਨ ਨਾਲ ਜੁੜੇ ਸਮੂਹ ਵਿਦਵਾਨਾਂ, ਲੇਖਕਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।