Date: 29/09/2026
Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਸਿੱਖਿਆ, ਖੋਜ ਅਤੇ ਸਮਾਜਿਕ ਖੇਤਰ ਵਿੱਚ ਸਰਗਰਮ ਯੋਗਦਾਨ ਲਈ ‘ਯੂਥ ਵਲੰਟੀਅਰ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਪ੍ਰਾਪਤ ਕਰਕੇ ਉਨ੍ਹਾਂ ਨੇ ਨਾ ਸਿਰਫ਼ ਆਪਣੇ ਪਰਿਵਾਰ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ, ਸਗੋਂ ਆਪਣੇ ਜ਼ਿਲ੍ਹੇ ਦਾ ਨਾਂ ਵੀ ਰੌਸ਼ਨ ਕੀਤਾ ਹੈ। ਕੇਅਰਨੈਸ ਐਂਡ ਅਵੇਅਰਨੈਸ ਵੈਲਫੇਅਰ ਸੋਸਾਇਟੀ ਅਤੇ ਰਿਸ਼ੀ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਪੰਜਾਬ ਭਰ ਵਿੱਚ ਸਿੱਖਿਆ, ਸਮਾਜ ਸੇਵਾ, ਖੇਡਾਂ ਅਤੇ ਕਲਾ ਦੇ ਖੇਤਰਾਂ ਵਿੱਚ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਯੋਗਦਾਨ ਨੂੰ ਮਾਨਤਾ ਦਿੱਤੀ ਗਈ। ਇਸੇ ਕੜੀ ਤਹਿਤ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਉਨ੍ਹਾਂ ਦੀਆਂ ਸਿੱਖਿਆ, ਖੋਜ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਲਈ ਸਨਮਾਨ ਚਿਨ੍ਹ ਅਤੇ ₹5,100/- ਦੀ ਨਕਦ ਰਾਸ਼ੀ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਨੇ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਇਸ ਉਪਲਬਧੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਅਧਿਆਪਕਾਂ ਵੱਲੋਂ ਸਿੱਖਿਆ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲੇ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਹਨ। ਯੂਨੀਵਰਸਿਟੀ ਦੇ ਓ.ਐਸ.ਡੀ. ਸ. ਅਰਬਿੰਦ ਸਿੰਘ ਧੂਤ ਜੀ ਨੇ ਵੀ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਨੌਜਵਾਨਾਂ ਨਾਲ ਜੁੜੇ ਸਮਾਜਿਕ ਉਪਰਾਲਿਆਂ ਦੀ ਪਛਾਣ ਹੈ। ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਡਾ. ਪਲਵਿੰਦਰ ਸਿੰਘ ਜੀ ਨੇ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਖੋਜ ਪ੍ਰਾਪਤੀਆਂ ਸੰਸਥਾ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇੰਜੀ. ਚੱਗਰ ਵੱਲੋਂ ਸਿੱਖਿਆ, ਖੋਜ ਅਤੇ ਸਮਾਜਿਕ ਗਤੀਵਿਧੀਆਂ ਨੂੰ ਇਕੱਠੇ ਲੈ ਕੇ ਚੱਲਣ ਦਾ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਉਤਸ਼ਾਹਿਤ ਕਰਦੇ ਰਹਿਣਗੇ ਅਤੇ ਯੂਨੀਵਰਸਿਟੀ ਦੀ ਅਕਾਦਮਿਕ ਪ੍ਰਗਤੀ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਇੰਜੀ. ਜੀਵਨਜੋਤ ਸਿੰਘ ਚੱਗਰ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਹੋਰ ਮਿਹਨਤ ਕਰਨ ਅਤੇ ਸਿੱਖਿਆ, ਖੋਜ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਧੇਰੇ ਯੋਗਦਾਨ ਪਾਉਣ ਲਈ ਪ੍ਰੇਰਣਾ ਦਾ ਸਰੋਤ ਹੈ। ਯੂਨੀਵਰਸਿਟੀ ਪ੍ਰਬੰਧਨ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਵੱਲੋਂ ਵੀ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਇਸ ਸਨਮਾਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਕਾਮਨਾ ਕੀਤੀ ਗਈ।